ਮੈਲਬਰਨ : ਵਿਕਟੋਰੀਆ ਦੇ Camperdown ’ਚ ਪ੍ਰਾਪਰਟੀ ਵਿਵਾਦ ਦਾ ਇੱਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਬਜ਼ੁਰਗ ਜੋੜੇ ਨੇ ਰਿਟਾਇਰਮੈਂਟ ਤੋਂ ਬਾਅਦ ਇੱਥੇ ਇੱਕ 2 ਹੈਕਟੇਅਰ ਜ਼ਮੀਨ ਦਾ ਟੁਕੜਾ ਖ਼ਰੀਦਿਆ ਸੀ ਅਤੇ ਬਾਕੀ ਜ਼ਿੰਦਗੀ ਚੈਨ ਨਾਲ ਬਤੀਤ ਕਰਨ ਦੀ ਯੋਜਨਾ ਬਣਾਈ ਸੀ।
ਪਰ ਜਦੋਂ Melanie ਅਤੇ David Moor ਨੇ ਇੱਥੇ ਡਰਾਈਵ ਵੇਅ, ਪਾਵਰ, ਪਾਣੀ ਸਪਲਾਈ ਅਤੇ ਸੈਪਟਿਕ ਸਿਸਟਮ ਲਗਾਉਣ ਤੋਂ ਬਾਅਦ ਆਪਣਾ ਪੁਰਾਣਾ ਘਰ ਰੀਲੋਕੇਟ ਕਰ ਲਿਆ ਤਾਂ ਉਨ੍ਹਾਂ ਨੂੰ ਕੌਂਸਲ ਤੋਂ ਪਤਾ ਲੱਗਾ ਕਿ ਦਰਅਸਲ ਉਨ੍ਹਾਂ ਨੇ ਆਪਣਾ ਘਰ ਇੱਕ ਗੁਆਂਢੀ ਪਲਾਟ ਵਾਲੇ ਦੀ ਜ਼ਮੀਨ ਉਤੇ ਬਣਾ ਲਿਆ ਸੀ। ਸਾਰਾ ਭੰਬਲਭੂਸਾ ਸਬ-ਡਵੀਜ਼ਨ ਦੀ ਅਸਪਸ਼ਟਤਾ ਕਾਰਨ ਪਿਆ ਦੱਸਿਆ ਜਾ ਰਿਹਾ ਹੈ। ਪਲਾਟਾਂ ’ਤੇ ਪਤਾ ਵੀ ਗੁੰਮਰਾਹਕੁੰਨ ਦੱਸਿਆ ਜਾ ਰਿਹਾ ਹੈ। ਜੋੜੇ ਦੇ ਬਿਲਡਰ ਨੇ ਇੱਥੇ ਪਹਿਲਾਂ ਤੋਂ ਬਣੇ ਡਰਾਈਵ ਵੇਅ ਨੂੰ ਵੇਖ ਕੇ ਉਸਾਰੀ ਨੂੰ ਅੰਜਾਮ ਦਿੱਤਾ, ਜਿਸ ਕਾਰਨ ਸਾਰੀ ਉਸਾਰੀ ਗ਼ਲਤ ਥਾਂ ਹੋ ਗਈ।
ਉਧਰ ਪਲਾਟ ਦੇ ਅਸਲ ਮਾਲਕ ਨੇ ਜੋੜੇ ਨੂੰ 14 ਦਿਨਾਂ ਅੰਦਰ ਆਪਣਾ ਘਰ ਸਹੀ ਪਲਾਟ ਉਤੇ ਰੀਲੋਕੇਟ ਕਰਨ ਦਾ ਨੋਟਿਸ ਦਿਤਾ ਹੈ, ਪਰ ਜੋੜੇ ਦੇ ਬਿਲਡਰ ਦਾ ਕਹਿਣਾ ਹੈ ਕਿ ਇੱਕ ਵਾਰੀ ਫਿਰ ਘਰ ਨੂੰ ਰੀਲੋਕੇਟ ਕਰਨ ਨਾਲ ਇਸ ਦੇ ਟੁੱਟ ਜਾਣ ਦਾ ਖ਼ਤਰਾ ਹੈ। ਜੋੜੇ ਨੇ ਇਸ ਘਰ ’ਤੇ 500,000 ਡਾਲਰ ਖ਼ਰਚ ਕੀਤੇ ਅਤੇ ਹੁਣ ਉਨ੍ਹਾਂ ਕੋਲ ਖ਼ਰਚਣ ਲਈ ਕੁੱਝ ਨਹੀਂ ਬਚਿਆ ਹੈ। ਜੋੜੇ ਨੇ ਅਸਲ ਮਾਲਕ ਨੂੰ ਜ਼ਮੀਨ ਦਾ ਲੈਣ-ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ 14 ਦਿਨਾਂ ਦੇ ਨੋਟਿਸ ਦਾ ਸਮਾਂ ਖ਼ਤਮ ਹੋਣ ’ਤੇ ਵੀ ਅਜੇ ਤਕ ਉਹ ਰਾਜ਼ੀ ਨਹੀਂ ਹੋਇਆ। ਹੁਣ ਜੋੜੇ ਘਰ ਦੀ ਥਾਂ ਨੂੰ ਬਦਲਣ ਲਈ ਕੁੱਝ ਹੋਰ ਸਮੇਂ ਦੀ ਮੰਗ ਕੀਤੀ ਹੈ।
Source : ABC News