ਮੈਲਬਰਨ : ਸੀਨੀਅਰ ਪੁਲਿਸ ਸੰਪਰਕ ਅਧਿਕਾਰੀ ਅਮਨਜੋਤ ਸ਼ਰਮਾ ਕੁਈਨਜ਼ਲੈਂਡ ਦੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਜਿਸ ਨੂੰ ਜ਼ਿਲ੍ਹਾ ਅਫ਼ਸਰ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਇਹ ਪੁਰਸਕਾਰ ਸਿਰਫ਼ ਮਿਸਾਲੀ ਲੀਡਰਸ਼ਿਪ ਵਿਖਾਉਣ ਵਾਲਿਆਂ ਨੂੰ ਹੀ ਦਿੱਤਾ ਜਾਂਦਾ ਹੈ। ਨੌਰਥ ਬ੍ਰਿਸਬੇਨ ਦੇ ਚੀਫ ਸੁਪਰਡੈਂਟ Dave Euskelly ਨੇ ਅਮਨਜੋਤ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਘਰੇਲੂ ਅਤੇ ਪਰਿਵਾਰਕ ਹਿੰਸਾ ਦੀ ਰੋਕਥਾਮ ਵਿੱਚ ਅਮਨਜੋਤ ਦੇ ਕੰਮ ਦੇ ਨਾਲ-ਨਾਲ ਕੁਈਨਜ਼ਲੈਂਡ ਪੁਲਿਸ ਸੇਵਾ ਅਤੇ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿਚਕਾਰ ਪੁਲ ਬਣਾਉਣ ਵਿੱਚ ਉਸ ਦੀ ਭੂਮਿਕਾ ਨੂੰ ਮਾਨਤਾ ਦਿੰਦਾ ਹੈ।
ਪ੍ਰਸ਼ੰਸਾ ਪੱਤਰ ਵਿੱਚ ਉਸ ਨੂੰ “ਸੱਭਿਆਚਾਰਕ ਤੌਰ ‘ਤੇ ਸੂਚਿਤ ਪਹੁੰਚ” ਦਾ ਸਿਹਰਾ ਦਿੱਤਾ ਗਿਆ ਹੈ ਜਿਸ ਨੇ ਖਾਸ ਕਰ ਕੇ ਕੁਈਨਜ਼ਲੈਂਡ ਦੇ ਭਾਰਤੀ ਪ੍ਰਵਾਸੀਆਂ ਵਿੱਚ ਵਿਸ਼ਵਾਸ ਵਧਾਉਣ ਵਿੱਚ ਮਦਦ ਕੀਤੀ ਹੈ। ਪੁਰਸਕਾਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਨਜੋਤ ਨੇ ਕਿਹਾ ਕਿ ਉਹ ਆਪਣੀ ਲੀਡਰਸ਼ਿਪ ਲਈ ਮਾਨਤਾ ਪ੍ਰਾਪਤ ਕਰ ਕੇ ਸੱਚਮੁੱਚ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਇਸ ਪ੍ਰਵਾਨਗੀ ਲਈ ਆਪਣੇ ਸਮਰਥਕਾਂ ਅਤੇ ਪੁਲਿਸ ਸੇਵਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪੁਰਸਕਾਰ “ਇਸ ਨੂੰ ਸੰਭਵ ਬਣਾਉਣ ਲਈ ਕੀਤੇ ਗਏ ਯਤਨਾਂ ਅਤੇ ਸਮਰਪਣ ਨੂੰ ਦਰਸਾਉਂਦਾ ਹੈ।