ਕੈਨਬਰਾ : ਪ੍ਰਧਾਨ ਮੰਤਰੀ Anthony Albanese ਨੇ ਵਧਦੇ ਦਬਾਅ ਨੂੰ ਕਿਨਾਰੇ ਕਰਦਿਆਂ ਫ਼ਲਸਤੀਨ ਨੂੰ ਮਾਨਤਾ ਦੇਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਗ਼ਜ਼ਾ ’ਚ ਚਲ ਰਿਹਾ ਸੰਕਟ ਲੰਮੇ ਸਮੇਂ ਦੀ ਸ਼ਾਂਤੀ ਲਈ ਸਹਾਈ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਾਲਾਤ ਚਾਹੁੰਦੇ ਹਨ ਜਿਨ੍ਹਾਂ ’ਚ ਦੋ ਮੁਲਕਾਂ ਦਾ ਨਤੀਜਾ ਸੱਚਮੁਚ ਹੱਲ ਵਜੋਂ ਨਿਕਲਦਾ ਹੋਵੇ। ਕੁੱਝ ਆਸਟ੍ਰੇਲੀਅਨ ਲੀਡਰ ਹਮਾਸ ਨੂੰ ਮਾਨਤਾ ਦੇਣ ਤੋਂ ਬਗੈਰ ਫ਼ਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਯੂ.ਕੇ. ਅਤੇ ਫ਼ਰਾਂਸ ਨੇ ਫ਼ਲਸਤੀਨ ਨੂੰ ਪਿਛਲੇ ਦਿਨੀਂ ਵੱਖਰੇ ਮੁਲਕ ਵੱਜੋਂ ਮਾਨਤਾ ਦੇ ਦਿੱਤੀ ਹੈ। ਗ਼ਜ਼ਾ ’ਚ ਚਲ ਰਹੀ ਜੰਗ ’ਚ ਹੁਣ ਤਕ 60,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ’ਤੇ ਕਤਲੇਆਮ ਦੇ ਦੋਸ਼ ਲੱਗ ਰਹੇ ਹਨ। ਉਸ ’ਤੇ ਇਹ ਵੀ ਦੋਸ਼ ਹੈ ਕਿ ਉਹ ਗ਼ਜ਼ਾ ’ਚ ਲੋਕਾਂ ਤਕ ਰਾਹਤ ਸਮੱਗਰੀ ਅਤੇ ਭੋਜਨ ਨੂੰ ਨਹੀਂ ਪਹੁੰਚਣ ਦੇ ਰਿਹਾ ਹੈ ਅਤੇ ਹਾਲਾਤ ਭੁੱਖਮਰੀ ਤਕ ਪਹੁੰਚ ਗਏ ਹਨ। ਹਾਲਾਂਕਿ ਇਜ਼ਰਾਈਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਹਮਦਰਦੀ ਹਾਸਲ ਕਰਨ ਲਈ ਝੂਠੀ ਭੁੱਖਮਰੀ ਦੀਆਂ ਕਹਾਣੀਆਂ ਫੈਲਾਈਆਂ ਜਾ ਰਹੀਆਂ ਹਨ। ਇਜ਼ਰਾਈਲ ਨੇ ਗ਼ਜ਼ਾ ’ਚ ਆਜ਼ਾਦ ਮੀਡੀਆ ਦੀ ਪਹੁੰਚ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ।