ਆਸਟ੍ਰੇਲੀਆ ਨੂੰ ਭਿਆਨਕ ਸੋਕਿਆਂ ਦਾ ਖਤਰਾ, ਸੰਯੁਕਤ ਰਾਸ਼ਟਰ ਨੇ GDP ’ਚ 6.8 ਟ੍ਰਿਲੀਅਨ ਡਾਲਰ ਤੱਕ ਦੀ ਗਿਰਾਵਟ ਦੀ ਚੇਤਾਵਨੀ ਦਿੱਤੀ

ਫਲ-ਸਬਜ਼ੀਆਂ ਦੀ ਕਮੀ, ਪਾਣੀ ਦੀ ਕਿਲਤ ਅਤੇ ਜੀਵਨ ਪੱਧਰ ‘ਚ 7,000 ਡਾਲਰ ਦੇ ਸਾਲਾਨਾ ਨੁਕਸਾਨ ਦਾ ਅੰਦਾਜ਼ਾ

ਸਿਡਨੀ : ਸੰਯੁਕਤ ਰਾਸ਼ਟਰ ਦੇ ਜਲਵਾਯੂ ਕਾਰਜਕਾਰੀ ਸਕੱਤਰ ਸਾਈਮਨ ਸਟੀਅਲ ਨੇ ਆਸਟ੍ਰੇਲੀਆ ਲਈ ਇੱਕ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਦੇਸ਼ ਨੇ ਕਾਰਬਨ ਉਤਸਰਜਨ ਘਟਾਉਣ ਲਈ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ, ਤਾਂ 2050 ਤੱਕ ਆਸਟ੍ਰੇਲੀਆ ਨੂੰ ਭਿਆਨਕ ਸੋਕਿਆਂ, ਫਲ-ਸਬਜ਼ੀਆਂ ਦੀ ਭਾਰੀ ਕਮੀ ਅਤੇ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਟੀਅਲ ਮੁਤਾਬਕ, ਜੇਕਰ ਮੌਜੂਦਾ ਰੁਝਾਨ ਜਾਰੀ ਰਹੇ, ਤਾਂ ਆਸਟ੍ਰੇਲੀਆ ਦੀ GDP ਵਿੱਚ 6.8 ਟ੍ਰਿਲੀਅਨ ਡਾਲਰ ਤੱਕ ਦੀ ਗਿਰਾਵਟ ਆ ਸਕਦੀ ਹੈ। ਇਸ ਨਾਲ ਹਰ ਨਾਗਰਿਕ ਦੀ ਸਾਲਾਨਾ ਜੀਵਨ ਪੱਧਰ ’ਚ 7,000 ਡਾਲਰ ਤੋਂ ਵੱਧ ਦੀ ਕਮੀ ਆਉਣ ਦੀ ਸੰਭਾਵਨਾ ਹੈ — ਜੋ ਆਮ ਪਰਿਵਾਰਾਂ ਲਈ ਨਾ-ਸਹਿਣਯੋਗ ਹੋਵੇਗੀ। ਇਹ ਸਥਿਤੀ ਨਾ ਸਿਰਫ਼ ਖੇਤੀਬਾੜੀ ਜਾਂ ਖੁਰਾਕ ਤਕ ਸੀਮਤ ਰਹੇਗੀ, ਸਗੋਂ ਇਸ ਦਾ ਪ੍ਰਭਾਵ ਸਿਹਤ, ਰੋਜ਼ਗਾਰ, ਉਤਪਾਦਨ ਅਤੇ ਸਮਾਜਿਕ ਢਾਂਚੇ ਤੱਕ ਮਹਿਸੂਸ ਕੀਤਾ ਜਾਵੇਗਾ।

ਇਹ ਚੇਤਾਵਨੀ ਇੱਕ ਐਸੇ ਸਮੇਂ ’ਚ ਆਈ ਹੈ ਜਦੋਂ ਆਸਟ੍ਰੇਲੀਆ ਸਰਕਾਰ ਨੈੱਟ-ਜ਼ੀਰੋ ਟੀਚਿਆਂ (2050 ਤੱਕ) ਦੀ ਪਾਲਣਾ ਨੂੰ ਲੈ ਕੇ ਸਥਾਨਕ ਕਾਰਪੋਰੇਟ ਖੇਤਰ ’ਤੇ ਸਖ਼ਤੀ ਵਧਾਉਣ ਦੇ ਦਬਾਅ ਹੇਠ ਹੈ। ਕਈ ਵੱਡੀਆਂ ਉਦਯੋਗਕ ਸੰਸਥਾਵਾਂ ਤੇ ਖਣਨ ਕੰਪਨੀਆਂ ਲਚਕ ਦੀ ਮੰਗ ਕਰ ਰਹੀਆਂ ਹਨ, ਜਦਕਿ ਜਲਵਾਯੂ ਮਾਹਿਰ ਅਤੇ ਅੰਤਰਰਾਸ਼ਟਰੀ ਏਜੰਸੀਆਂ ਇਹ ਸਪਸ਼ਟ ਕਰ ਰਹੀਆਂ ਹਨ ਕਿ ਕਾਰਵਾਈ ਲਈ ਸਮਾਂ ਮੁਕ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੀਤੀਗਤ ਅਤੇ ਪ੍ਰਯੋਗਿਕ ਪੱਧਰ ’ਤੇ ਤੁਰੰਤ ਤਬਦੀਲੀਆਂ ਨਾ ਆਈਆਂ, ਤਾਂ ਆਸਟ੍ਰੇਲੀਆ ਦੇ ਕਈ ਖੇਤਰ ਲੰਬੇ ਸਮੇਂ ਵਾਲੇ ਭਿਆਨਕ ਸੋਕਿਆਂ ਵਿੱਚ ਫਸ ਜਾਣਗੇ — ਜਿੱਥੇ ਨਾਂ ਪਾਣੀ ਹੋਵੇਗਾ, ਨਾਂ ਉੱਪਜ ਅਤੇ ਨਾਂ ਹੀ ਆਮ ਜੀਵਨ ਸੁਚੱਜਾ ਰਹੇਗਾ।