ਆਸਟ੍ਰੇਲੀਆ ’ਚ ਘਰਾਂ ਦੀ ਕਮੀ ਗੰਭੀਰ ਸਮੱਸਿਆ ਬਣੀ, ਸਾਲ 2025 ਦੀ ਸ਼ੁਰੂਆਤ ’ਚ 60 ਹਜ਼ਾਰ ਘਰ ਘੱਟ

ਸਿਡਨੀ : ਆਸਟ੍ਰੇਲੀਆ ਵਿੱਚ ਘਰ ਬਣਾਉਣ ਦੀ ਰਫ਼ਤਾਰ ਲੋਕਾਂ ਦੀ ਲੋੜ ਮੁਤਾਬਕ ਨਹੀਂ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ’ਚ ਹਰ ਸਾਲ ਲਗਭਗ 1.8 ਲੱਖ ਨਵੇਂ ਘਰ ਬਣ ਰਹੇ ਹਨ, ਪਰ ਲੋੜ 2.4 ਲੱਖ ਘਰਾਂ ਦੀ ਹੈ। ਇਸ ਘਾਟ ਦੇ ਕਾਰਨ 2025 ਦੀ ਸ਼ੁਰੂਆਤ ਤੱਕ ਲਗਭਗ 60,000 ਘਰਾਂ ਦੀ ਕਮੀ ਹੋ ਚੁੱਕੀ ਹੈ, ਜੋ ਕਿ ਆਮ ਲੋਕਾਂ ਲਈ ਘਰ ਖਰੀਦਣਾ ਜਾਂ ਕਿਰਾਏ ’ਤੇ ਲੈਣਾ ਦਿਨੋਂ-ਦਿਨ ਔਖਾ ਬਣਾ ਰਹੀ ਹੈ।

ਇਸ ਦੇ ਨਤੀਜੇ ਵਜੋਂ ਘਰਾਂ ਦੀ ਕੀਮਤ ਤੇਜ਼ੀ ਨਾਲ ਵਧ ਰਹੀ ਹੈ। ਕਿਰਾਏ ’ਚ ਭਾਰੀ ਵਾਧਾ ਹੋ ਰਿਹਾ ਹੈ। ਨੌਜਵਾਨਾਂ ਅਤੇ ਪਰਿਵਾਰਾਂ ਲਈ ਆਪਣਾ ਘਰ ਬਣਾਉਣ ਦਾ ਸੁਪਨਾ ਦੂਰ ਹੁੰਦਾ ਜਾ ਰਿਹਾ ਹੈ। ਕਈ ਲੋਕਾਂ ਨੂੰ ਇਕੱਠਿਆਂ ਜਾਂ ਅਸਥਾਈ ਥਾਵਾਂ ’ਤੇ ਰਹਿਣਾ ਪੈ ਰਿਹਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਨਵੀਨ ਹਾਊਸਿੰਗ ਪ੍ਰੋਜੈਕਟਾਂ ਨੂੰ ਤੁਰੰਤ ਤੇਜ਼ੀ ਨਾ ਦਿੱਤੀ ਗਈ, ਤਾਂ ਆਉਣ ਵਾਲਿਆਂ ਸਾਲਾਂ ਵਿੱਚ ਇਹ ਘਾਟ ਹੋਰ ਵੀ ਵਧ ਸਕਦੀ ਹੈ।

ਮੈਲਬਰਨ ਤੋਂ Silver Key Realty ਵਿੱਚ ਬਤੌਰ ਸੇਲਜ ਐਸੋਸੀਏਟ ਕੰਮ ਕਰ ਰਹੇ ਤਰਨ ਦਿਉਲ ਨੇ ਦੱਸਿਆ ਕਿ ਸਹੂਲਤਾਂ ਵਾਲੇ ਸਬਅਰਬਾਂ ਵਿੱਚ ਗ੍ਰਾਹਕਾਂ ਵਿੱਚ ਮੁਕਾਬਲਾ ਵੱਧ ਰਿਹਾ ਹੈ ਜਦੋਂਕਿ ਨਵੇਂ ਸਬਅਰਬਾਂ ਵਿੱਚ ਅਜੇ ਵੀ ਠੀਕ ਰੇਟ ’ਤੇ ਘਰ ਖਰੀਦੇ ਜਾ ਸਕਦੇ ਹਨ।