ਮੈਲਬਰਨ : ਵਧ ਰਹੀਆਂ ਪ੍ਰਾਪਰਟੀ ਦੀਆਂ ਕੀਮਤਾਂ ਸਿਰਫ਼ ਜੇਬ੍ਹ ’ਤੇ ਬੋਝ ਹੀ ਨਹੀਂ ਪਾ ਰਹੀਆਂ ਬਲਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਡੂੰਘੇ ਸੰਕਟ ਵਲ ਵੀ ਲਿਜਾ ਰਹੀਆਂ ਹਨ। ਕੀਮਤਾਂ ’ਚ ਵਾਧਾ ਜੀਵਨ ਭਰ ਬਾਰੇ ਫੈਸਲਿਆਂ, ਮਾਨਸਿਕ ਤੰਦਰੁਸਤੀ ਅਤੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ। ਮੀਡੀਆ ਸਾਹਮਣੇ ਲੋਕ ਨਿਰਾਸ਼ਾ ਅਤੇ ਸੁਪਨੇ ਤਿਆਗਣ ਦੀਆਂ ਨਿੱਜੀ ਕਹਾਣੀਆਂ ਸਾਂਝੀਆਂ ਕਰ ਰਹੇ ਹਨ।
ਬਹੁਤ ਸਾਰਿਆਂ ਨੂੰ ਸ਼ਹਿਰ ਦੇ ਮਹਿੰਗੇ ਪ੍ਰਾਪਰਟੀ ਬਾਜ਼ਾਰਾਂ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਘਰ ਖਰੀਦਣ ਲਈ ਮਜਬੂਰ ਹੋਣਾ ਪਿਆ। ਵਧਦੀਆਂ ਕੀਮਤਾਂ ਦਾ ਭਾਵਨਾਤਮਕ ਨੁਕਸਾਨ ਵੀ ਹੈਰਾਨ ਕਰਨ ਵਾਲਾ ਹੈ। ਕਈ ਅਸਫਲ ਪੇਸ਼ਕਸ਼ਾਂ ਤੋਂ ਬਾਅਦ ਮੌਰਗੇਜ ਕਰਜ਼ੇ ਦੇ ਬੋਝ ਹੇਠ ਦੱਬੇ ਇਕ ਜੋੜੇ ਨੇ ਇਹ ਕਹਿੰਦੇ ਹੋਏ ਪਰਿਵਾਰ ਸ਼ੁਰੂ ਨਾ ਕਰਨ ਦਾ ਫੈਸਲਾ ਕੀਤਾ ਕਿ ਉਹ ਹੁਣ ਇਸ ਦਾ ਖਰਚਾ ਨਹੀਂ ਚੁੱਕ ਸਕਦੇ।
ਮੈਲਬਰਨ ਦੀ ਇਕ ਨਰਸ ਨੇ ਦੱਸਿਆ ਕਿ ਉਸ ਨੇ ਇੱਕ ਦਿਨ ’ਚ ਕਈ ਘਰ ਵੇਖੇ ਪਰ ਕੋਈ ਵੀ ਉਸ ਦੀ ਸਮਰਥਾ ’ਚ ਨਹੀਂ ਸੀ। ਕੀਮਤਾਂ ਕੁੱਝ ਘੰਟਿਆਂ ਅੰਦਰ ਹੀ 30,000 ਤੋਂ 50,000 ਡਾਲਰ ਤਕ ਵਧ ਰਹੀਆਂ ਸਨ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਪਸ਼ੂਆਂ ਵਾਂਗ ਇੱਕ ਘਰ ਤੋਂ ਦੂਰ ਘਰ ਹੱਕਿਆ ਜਾ ਰਿਹਾ ਸੀ।
ਹੋਰਾਂ ਨੇ ਦੱਸਿਆ ਕਿ ਹਰ ਵਾਰ ਉਨ੍ਹਾਂ ਤੋਂ ਵੱਧ ਬੋਲੀ ਲਗਾਉਣ ਵਾਲਾ ਕੋਈ ਨਾ ਕੋਈ ਆ ਜਾਂਦਾ ਸੀ ਅਤੇ ਏਜੰਟਾਂ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਇਹੀ ਨਹੀਂ ਕਿਰਾਏਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੀਮਤਾਂ ਵਿੱਚ ਵਾਧੇ ਕਾਰਨ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ।