ਮੈਲਬਰਨ : Erin Patterson ਵਿਰੁਧ ਕਤਲ ਕੇਸ ਦੀ ਜਿਊਰੀ ਵੀ ਜਾਂਚ ਅਧੀਨ ਆ ਗਈ ਹੈ। ਦਰਅਸਲ ਇਹ ਸਾਹਮਣੇ ਆਇਆ ਹੈ ਕਿ 12 ਜਿਊਰੀ ਮੈਂਬਰਾਂ ਨੂੰ ਉਸੇ ਮੋਰਵੈਲ ਹੋਟਲ ਵਿੱਚ ਠਹਿਰਾਇਆ ਗਿਆ ਸੀ ਜਿਸ ’ਚ ਪ੍ਰੋਸੀਕਿਊਸ਼ਨ ਸਟਾਫ, ਡਿਟੈਕਟਿਵ ਅਤੇ ਮੀਡੀਆ ਹਾਜ਼ਰ ਸਨ। ਇਸ ਬਾਰੇ ਜੱਜ ਜਾਂ ਬਚਾਅ ਟੀਮ ਨੂੰ ਕੋਈ ਜਾਣਕਾਰੀ ਨਹੀਂ ਸੀ।
ਵਿਕਟੋਰੀਆ ਜਿਊਰੀ ਕਮਿਸ਼ਨਰ ਕੇਸ ਦੇ ਫ਼ੈਸਲੇ ’ਤੇ ਸੰਭਾਵਿਤ ਦਖਲਅੰਦਾਜ਼ੀ ਦੇ ਖਤਰਿਆਂ ਦੀ ਜਾਂਚ ਕਰ ਰਹੇ ਹਨ ਅਤੇ ਹੋਟਲ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਕਰ ਰਹੇ ਸਨ। ਹਾਲਾਂਕਿ ਬਦਕਿਸਮਤੀ ਨਾਲ ਸੀ.ਸੀ.ਟੀ.ਵੀ. ਫੁਟੇਜ ਮਿਟਾਇਆ ਜਾ ਚੁੱਕਾ ਹੈ ਕਿਉਂਕਿ ਇਹ ਮਾਮਲਾ ਕਈ ਦਿਨਾਂ ਬਾਅਦ ਜ਼ਾਹਰ ਹੋਇਆ ਸੀ। ਹਾਲਾਂਕਿ ਕਿਸੇ ਦੁਰਵਿਵਹਾਰ ਦਾ ਦੋਸ਼ ਨਹੀਂ ਲਗਾਇਆ ਗਿਆ ਹੈ, ਪਰ ਸਥਿਤੀ ਨੂੰ “ਬਹੁਤ ਅਨਿਯਮਿਤ” ਮੰਨਿਆ ਗਿਆ ਹੈ ਅਤੇ ਇਹ Patterson ਵੱਲੋਂ ਅਦਾਲਤ ਦੇ ਉਸ ਵਿਰੁਧ ਫ਼ੈਸਲੇ ਦੀ ਅਪੀਲ ਦਾ ਆਧਾਰ ਬਣ ਸਕਦਾ ਹੈ।
ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਜਿਊਰੀ ਦੀ ਕੇਸ ਦੇ ਭਾਗੀਦਾਰਾਂ ਨਾਲ ਨੇੜਤਾ ਕਈ ਦਿਨਾਂ ਤੱਕ ਚੱਲੀ, ਜਿਸ ਨਾਲ ਨਿਆਂਇਕ ਨਿਰਪੱਖਤਾ ਦੀ ਰਾਖੀ ਕਰਨ ਨੂੰ ਲੈ ਕੇ ਜਾਂਚ ਸ਼ੁਰੂ ਹੋ ਗਈ। Patterson ਆਪਣੇ ਸਾਬਕਾ ਪਤੀ ਦੇ ਸੱਸ-ਸਹੁਰੇ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਜ਼ਿਹਰੀਲੀ ਮਸ਼ਰੂਮ ਨਾਲ ਬਣਿਆ ਪਕਵਾਲ ਖੁਆ ਕੇ ਕਤਲ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਸੀ।