ਐਡੀਲੇਡ : ਕਥਿਤ ਨਸਲੀ ਹਮਲੇ ਦਾ ਸ਼ਿਕਾਰ ਹੋਏ ਪੰਜਾਬੀ ਨੇ ਬਹਾਦਰੀ ਨਾਲ ਮੀਡੀਆ ਸਾਹਮਣੇ ਆ ਕੇ ਉਸ ਪਲ ਨੂੰ ਸਾਂਝਾ ਕੀਤਾ ਹੈ ਜਦੋਂ ਉਸ ’ਤੇ ਕਾਰ ਪਾਰਕਿੰਗ ਵਿਵਾਦ ਨੂੰ ਲੈ ਕੇ ਨਸਲੀ ਹਮਲਾਵਰਾਂ ਦੇ ਇੱਕ ਸਮੂਹ ਨੇ ਹਮਲਾ ਕੀਤਾ ਸੀ। ਐਡੀਲੇਡ ਦੇ Kintore Avenue ‘ਚ ਸ਼ਨੀਵਾਰ ਰਾਤ ਨੂੰ ਹੋਈ ਹਿੰਸਕ ਘਟਨਾ ‘ਚ ਚਰਨਪ੍ਰੀਤ ਸਿੰਘ (23) ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸ ਨੂੰ ਰਾਤ ਭਰ ਹਸਪਤਾਲ ‘ਚ ਇਲਾਜ ਕਰਵਾਉਣਾ ਪਿਆ। ਉਸ ਦਾ ਕਹਿਣਾ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਕ ਪੰਜ-ਛੇ ਜਣਿਆਂ ਦਾ ਸਮੂਹ ਉਸ ਦੀ ਗੱਡੀ ਕੋਲ ਆਇਆ ਅਤੇ ਨਸਲੀ ਟਿੱਪਣੀਆਂ ਕੀਤੀਆਂ, ਜਿਸ ਤੋਂ ਬਾਅਦ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ ਅਤੇ ਮਰਿਆ ਸਮਝ ਕੇ ਹਮਲਾਵਰ ਭੱਜ ਗਏ। ਚਰਨਪ੍ਰੀਤ ਸਿੰਘ ਨੇ ਕਿਹਾ, ‘‘ਉਹ ਆ ਕੇ ਇਕਦਮ ਮੈਨੂੰ ‘F…ਇੰਡੀਅਨ’ ਕਹਿਣ ਲੱਗੇ ਅਤੇ ਇਸ ਤੋਂ ਬਾਅਦ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।’’ ਚਰਨਪ੍ਰੀਤ ਸਿੰਘ ਨੇ ਅੱਗੇ ਕਿਹਾ, ‘‘ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਵਾਪਰਦੀਆਂ ਹਨ, ਤਾਂ ਤੁਹਾਨੂੰ ਲੱਗਦਾ ਹੈ ਕਿ ਇੱਥੋਂ ਵਾਪਸ ਚਲੇ ਜਾਓ। ਤੁਸੀਂ ਆਪਣਾ ਰੰਗ ਤਾਂ ਨਹੀਂ ਬਦਲ ਸਕਦੇ।’’
ਇੱਕ ਗ੍ਰਿਫ਼ਤਾਰ ਬਾਕੀ ਫ਼ਰਾਰ: ਇਸ ਮਾਮਲੇ ’ਚ ਪੁਲਿਸ ਨੇ Enfield ਦੇ ਇਕ 20 ਸਾਲ ਦੇ ਵਿਅਕਤੀ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ’ਤੇ ਹਮਲਾ ਕਰਕੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਮੌਕੇ ਤੋਂ ਫਰਾਰ ਹੋਏ ਹੋਰ ਹਮਲਾਵਰਾਂ ਬਾਰੇ ਜਾਣਕਾਰੀ ਮੰਗੀ ਹੈ।
ਉਧਰ ਪ੍ਰੀਮੀਅਰ Peter Malinauskas ਨੇ ਕਥਿਤ ਨਸਲੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸਲੀ ਹਮਲੇ ਸਾਡੇ ਸੂਬੇ ਵਿਚ ਪੂਰੀ ਤਰ੍ਹਾਂ ਅਣਚਾਹੇ ਹਨ ਅਤੇ ਸਾਡੇ ਭਾਈਚਾਰੇ ਦੇ ਬਹੁਗਿਣਤੀ ਲੋਕਾਂ ਦੇ ਅਨੁਕੂਲ ਨਹੀਂ ਹੈ।