ਸਿਡਨੀ ’ਚ ਭਾਰਤੀ ਮੂਲ ਦੀ ਔਰਤ ਦੇ ਇਕ ਦਹਾਕੇ ਪੁਰਾਣੇ ਕਤਲ ਮਾਮਲੇ ’ਚ ਨਵਾਂ ਪ੍ਰਗਟਾਵਾ

ਮੈਲਬਰਨ : ਸਾਲ 2015 ‘ਚ ਭਾਰਤੀ ਨਾਗਰਿਕ ਅਤੇ ਆਈ.ਟੀ. ਵਰਕਰ ਪ੍ਰਭਾ ਅਰੁਣ ਕੁਮਾਰ ਦੇ ਸਿਡਨੀ ’ਚ ਹੋਏ ਕਤਲ ਮਾਮਲੇ ’ਚ ਨਵੀਂ CCTV ਫੁਟੇਜ ਸਾਹਮਣੇ ਆਈ ਹੈ। ਪ੍ਰਭਾ ‘ਤੇ ਸਿਡਨੀ ਦੇ ਇਕ ਪਾਰਕ ‘ਚ ਉਸ ਸਮੇਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਪਤੀ ਅਰੁਣ ਕੁਮਾਰ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਜਾਂਚ ਦੌਰਾਨ ਨਵੇਂ ਵੀਡੀਓ ’ਚ ਹਮਲੇ ਤੋਂ ਕੁਝ ਪਲ ਪਹਿਲਾਂ ਇੱਕ ਕਾਲੇ ਕੱਪੜਿਆਂ ਵਾਲਾ ਵਿਅਕਤੀ ਦਿਸ ਰਿਹਾ ਹੈ, ਜਿਸ ਬਾਰੇ ਪ੍ਰਭਾ ਨੇ ਫ਼ੋਨ ’ਤੇ ਦੱਸਿਆ ਸੀ ਇਸੇ ਹੁਲੀਏ ਦਾ ਕੋਈ ਵਿਅਕਤੀ ਉਸ ਦਾ ਪਿੱਛਾ ਕਰਨ ਲੱਗ ਪਿਆ ਸੀ। ਫੁਟੇਜ ਤੋਂ ਪਤਾ ਲੱਗਿਆ ਕਿ ਪ੍ਰਭਾ ਅਚਾਨਕ ਹਮਲੇ ਤੱਕ ਸ਼ਾਂਤ ਦਿਖਾਈ ਦੇ ਰਹੀ ਸੀ।

ਇਹੀ ਨਹੀਂ ਉਸ ਦੇ ਵਿਆਹ ਬਾਰੇ ਵੀ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ। ਪ੍ਰਭਾ ਦੇ ਪਤੀ ਅਰੁਣ ਦਾ ਭਾਰਤ ਵਿੱਚ ਅਫੇਅਰ ਚੱਲ ਰਿਹਾ ਸੀ। ਉਸ ਨੇ ਪ੍ਰਭਾ ਦਾ ਇੰਸ਼ੋਰੈਂਸ ਕੁੱਝ ਸਮਾਂ ਪਹਿਲਾਂ ਹੀ ਰੀਨਿਉ ਕੀਤਾ ਸੀ, ਅਤੇ ਉਸ ਦੀ ਮੌਤ ਤੋਂ ਇੱਕ ਘੰਟਾ ਪਹਿਲਾਂ ਹੀ ਉਸ ਦਾ ਬੈਂਕ ਪਿੰਨ ਬਦਲ ਲਿਆ ਸੀ। ਕਤਲ ਦੇ ਦੋ ਦਿਨ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਮੈਸੇਜ ਡਿਲੀਟ ਕਰ ਕੇ ਆਸਟ੍ਰੇਲੀਆ ਆ ਗਿਆ ਸੀ।

ਉਸ ਨੇ ਪ੍ਰਭਾ ਨਾਲ ਕਾਲ ਦੌਰਾਨ ਜੋ ਗੱਲਬਾਤ ਕੀਤੀ ਉਸ ਬਾਰੇ ਵੀ ਪੁਲਿਸ ਨੂੰ ਹੁਣ ਤਕ ਤਿੰਨ ਵੱਖੋ-ਵੱਖ ਵੇਰਵੇ ਦਿੱਤੇ ਹਨ। ਜਾਂਚਕਰਤਾ ਹੁਣ ਜਾਂਚ ਕਰ ਰਹੇ ਹਨ ਕਿ ਕੀ ਅਰੁਣ ਨੇ ਕਤਲ ਦੀ ਸਾਜ਼ਿਸ਼ ਰਚੀ ਹੋ ਸਕਦੀ ਹੈ? ਇਸ ਦੌਰਾਨ ਪ੍ਰਭਾ ਦੀ 21 ਸਾਲ ਦੀ ਬੇਟੀ ਮੇਘਨਾ ਨੇ ਅਦਾਲਤ ਦੀ ਕਾਰਵਾਈ ਨੂੰ ਭਾਰਤ ਤੋਂ ਵੇਖਿਆ ਜਦੋਂ ਉਸ ਦੀ ਮਾਂ ਦੇ ਆਖਰੀ ਪਲਾਂ ਦੇ ਵੀਡੀਓ ਨੂੰ ਪਲੇ ਕੀਤਾ ਜਾ ਰਿਹਾ ਸੀ।