ਮੈਲਬਰਨ : South Australia ਦੀ ਰਾਜਧਾਨੀ Adelaide ਵਿੱਚ 19 ਜੁਲਾਈ ਨੂੰ ਇੱਕ 23 ਸਾਲ ਦੇ ਪੰਜਾਬੀ ਮੂਲ ਦੇ ਇੰਟਰਨੈਸ਼ਨਲ ਸਟੂਡੈਂਟ ਉਤੇ ਪੰਜ-ਛੇ ਅਣਪਛਾਤੇ ਨੌਜਵਾਨਾਂ ਵੱਲੋਂ ਕਥਿਤ ਨਸਲੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ।
ਪੀੜਤ ਚਰਨਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਬੀਤੇ ਸ਼ਨੀਵਾਰ ਦੀ ਰਾਤ 9 ਕੁ ਵਜੇ ਉਹ ਆਪਣੇ ਪਰਿਵਾਰ ਨਾਲ light show ਵੇਖਣ CBD ਪਹੁੰਚਿਆ ਸੀ, ਜਦੋਂ Kintore Avenue ’ਚ ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਬਗੈਰ ਕਿਸੇ ਉਕਸਾਵੇ ਦੇ ਉਸ ’ਤੇ ਹਮਲਾ ਬੋਲ ਦਿੱਤਾ। ਪਹਿਲਾਂ ਤਾਂ ਉਹ ਚਰਨਪ੍ਰੀਤ ਸਿੰਘ ਦੇ ਕਾਰ ਦੇ ਸ਼ੀਸ਼ੇ ’ਤੇ ਜ਼ੋਰ-ਜ਼ੋਰ ਦੀ ਮੁੱਕੇ ਮਾਰਨ ਲੱਗੇ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦੇ ਮੂੰਹ ਉਤੇ ਮੁੱਕਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਪੰਜ-ਛੇ ਜਣੇ ਉਸ ਉੱਤੇ ਟੁੱਟ ਪਏ।
ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਚਰਨਪ੍ਰੀਤ ਸਿੰਘ ਨੇ ਖ਼ੁਦ ਬਣਾਉਣੀ ਸ਼ੁਰੂ ਕੀਤੀ ਸੀ ਅਤੇ ਉਸ ਦੀ ਪਤਨੀ ਇਸ ’ਚ ਹਮਲਾਵਰਾਂ ’ਤੇ ਚੀਕਦੀ ਹੋਈ ਸੁਣਾਈ ਦੇ ਰਹੀ ਹੈ। ਬਕੌਲ ਚਰਨਪ੍ਰੀਤ ਹਮਲਾਵਰਾਂ ਨੇ ਉਸ ਨੂੰ ਅੰਗਰੇਜ਼ੀ ’ਚ ਗਾਲ ਕੱਢ ਕੇ ਭਾਰਤੀ ਹੋਣ ਦੀ ਨਸਲੀ ਟਿੱਪਣੀ ਕੀਤੀ।
ਚਰਨਪ੍ਰੀਤ ਨੂੰ ਗੁੱਝੀਆਂ ਸੱਟਾਂ ਮਾਰੀਆਂ ਗਈਆਂ ਅਤੇ ਪੁਲਿਸ ਨੇ ਆ ਕੇ ਉਸ ਨੂੰ Royal Adelaide Hospital ਵਿਚ ਭਰਤੀ ਕਰਵਾਇਆ। ਚਰਨਪ੍ਰੀਤ ਅਤੇ ਉਸ ਦੀ ਪਤਨੀ ਦੋਵੇਂ ਇਸ ਘਟਨਾ ਮਗਰੋਂ ਖੌਫ਼ਜ਼ਦਾ ਹਨ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਇਸ ਨੂੰ ਨਸਲੀ ਹਮਲੇ ਵਜੋਂ ਮੰਨਿਆ ਜਾ ਰਿਹਾ ਹੈ ਜਾਂ ਨਹੀਂ। ਮੌਕੇ ’ਤੇ ਕਈ ਚਸ਼ਮਦੀਦਾਂ ਨੇ ਚਰਨਜੀਤ ਸਿੰਘ ਦੇ ਹੱਕ ’ਚ ਗਵਾਹੀ ਦਿੱਤੀ ਹੈ। ਕਈਆਂ ਨੇ ਤੁਰਤ ਕੋਈ ਗ੍ਰਿਫ਼ਤਾਰੀ ਨਾ ਕੀਤੇ ਜਾਣ ’ਤੇ ਗੁੱਸਾ ਵੀ ਪ੍ਰਗਟਾਇਆ। ਸਥਾਨਕ ਭਾਰਤੀ ਭਾਈਚਾਰੇ ’ਚ ਇਸ ਘਟਨਾ ਨੂੰ ਲੈ ਕੇ ਨਾਰਾਜ਼ਗੀ ਪਾਈ ਜਾ ਰਹੀ ਹੈ।