ਮੈਲਬਰਨ : ਵਿਰੋਧੀ ਧਿਰ ਨੇ ਮਈ ਵਿਚ ਚੋਣਾਂ ਹਾਰਨ ਤੋਂ ਬਾਅਦ 80,000 ਇੰਟਰਨੈਸ਼ਨਲ ਸਟੂਡੈਂਟਸ ਵਿਚ ਕਟੌਤੀ ਕਰਨ ਦਾ ਆਪਣਾ ਸੱਦਾ ਛੱਡ ਦਿੱਤਾ ਹੈ। Coalition ਦੇ ਨਵੇਂ ਸਿੱਖਿਆ ਬੁਲਾਰੇ Jonathon Duniam ਨੇ ਇੰਟਰਨੈਸ਼ਨਲ ਸਟੂਡੈਂਟਸ ਪ੍ਰਤੀ ਵਧੇਰੇ ‘ਸੰਵੇਦਨਸ਼ੀਲ’ ਅਤੇ ਸਹਿਯੋਗੀ ਪਹੁੰਚ ਦਾ ਸਮਰਥਨ ਕੀਤਾ ਹੈ। ਉਨ੍ਹਾਂ ਪੀਟਰ ਡਟਨ ਦੇ ਅਧੀਨ ਪਾਰਟੀ ਦੀ ਪਿਛਲੀ ਬਿਆਨਬਾਜ਼ੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਰਚਨਾਤਮਕ ਨਹੀਂ ਸੀ। ਉਨ੍ਹਾਂ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਤੋਂ ਫੰਡ ਪ੍ਰਾਪਤ ਕਰਨਾ ਮਹੱਤਵਪੂਰਨ ਹੈ, ਖ਼ਾਸਕਰ ਰੀਜਨਲ ਯੂਨੀਵਰਸਿਟੀਆਂ ਲਈ।
Duniam ਨੇ ਲੇਬਰ ਦੀ 20٪ HECS ਕਰਜ਼ਾ ਰਾਹਤ ਨੀਤੀ ਦੇ ਵਿਰੋਧ ਵਿੱਚ ਵੀ ਨਰਮੀ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਪਾਠਕ੍ਰਮ ਸੁਧਾਰ ਵਿੱਚ ਸੱਭਿਆਚਾਰਕ ਬਹਿਸਾਂ ਦੀ ਬਜਾਏ ਅਕੈਡਮਿਕ ਤਰਜੀਹਾਂ (ਗਣਿਤ, ਪੜ੍ਹਨਾ, ਵਿਗਿਆਨ) ‘ਤੇ ਜ਼ੋਰ ਦਿੱਤਾ ਅਤੇ ਡਟਨ ਦੇ ਪਹਿਲਾਂ ਦੇ “ਐਂਟੀ ਵੋਕ” ਏਜੰਡੇ ਤੋਂ ਦੂਰੀ ਬਣਾਈ। Duniam ਨੇ ਸਕੂਲੀ ਖੇਡਾਂ ਵਿੱਚ ਲਿੰਗ ਭਾਗੀਦਾਰੀ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਫੈਸਲੇ ਸੰਘੀ ਪੱਧਰ ‘ਤੇ ਥੋਪਣ ਦੀ ਬਜਾਏ ਸਥਾਨਕ ਜਾਂ ਪ੍ਰਤੀਯੋਗੀ ਪੱਧਰ ‘ਤੇ ਕੀਤੇ ਜਾਣੇ ਚਾਹੀਦੇ ਹਨ।
ਦੂਜੇ ਪਾਸੇ Coalition ਦੇ ਸ਼ੈਡੋ ਇਮੀਗ੍ਰੇਸ਼ਨ ਮੰਤਰੀ, Paul Scarr ਨੇ ਵੀ ਪ੍ਰਵਾਸੀਆਂ ਦੇ ਸਕਾਰਾਤਮਕ ਯੋਗਦਾਨ ‘ਤੇ ਜ਼ੋਰ ਦਿੰਦੇ ਹੋਏ ਇਮੀਗ੍ਰੇਸ਼ਨ ਬਾਰੇ ਵਿਚਾਰ-ਵਟਾਂਦਰੇ ਵਿੱਚ ਵਧੇਰੇ ਸਨਮਾਨਜਨਕ ਸੁਰ ਦਾ ਵਾਅਦਾ ਕੀਤਾ ਹੈ।