ਮੈਲਬਰਨ : ਨਿਊਜ਼ੀਲੈਂਡ ਵਿਚ ਇਕ ਸਾਫਟਵੇਅਰ ਡਿਵੈਲਪਰ ਸਿਮਰਨਜੀਤ ਸਿੰਘ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ ਸੜਕ ਹਾਦਸੇ ਲਈ 18 ਮਹੀਨੇ ਦੀ ਸਖ਼ਤ ਨਿਗਰਾਨੀ ਦੀ ਸਜ਼ਾ ਦਿੱਤੀ ਗਈ ਹੈ ਅਤੇ ਇੱਕ ਸਾਲ ਤਕ ਡਰਾਈਵਿੰਗ ’ਤੇ ਪਾਬੰਦੀ ਲਗਾਈ ਗਈ ਹੈ।
29 ਦਸੰਬਰ, 2024 ਨੂੰ Mangaweka ਨੇੜੇ ਇਕ ਦਰਦਨਾਕ ਕਾਰ ਹਾਦਸੇ ਵਿੱਚ ਉਸ ਦੀ ਪਤਨੀ ਸੁਮਿਤ ਅਤੇ ਦੋ ਸਾਲ ਦੇ ਬੇਟੇ ਅਗਮਬੀਰ ਦੀ ਮੌਤ ਹੋ ਗਈ ਸੀ। ਹਾਲਾਂਕਿ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਹਾਦਸੇ ਦੀ ਕੋਈ ਯਾਦ ਨਹੀਂ ਹੈ। ਪਰ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਰੋਜ਼ ਮਾਨਿਸਕ ਦੁੱਖ ਝੱਲਦਾ ਹੈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਛੁੱਟੀਆਂ ਮਨਾਉਣ ਜਾ ਰਿਹਾ ਸੀ ਅਤੇ ਉਸ ਦੀ ਗੱਡੀ ਸਟੇਟ ਹਾਈਵੇਅ 1 ‘ਤੇ ਸੈਂਟਰ ਲਾਈਨ ਪਾਰ ਕਰ ਗਈ ਅਤੇ ਆ ਰਹੀ ਵੈਨ ਨਾਲ ਟਕਰਾ ਗਈ। ਉਸ ਦੀ ਧੀ ਬਾਨੀ ਬਚ ਗਈ ਪਰ ਉਸ ਨੂੰ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ। ਸਾਹਮਣੇ ਤੋਂ ਆ ਰਹੀ ਵੈਨ ਦੇ ਡਰਾਈਵਰ ਦੀਆਂ ਵੀ ਹੱਡੀਆਂ ਟੁੱਟ ਗਈਆਂ। ਸਿਮਰਨਜੀਤ ਸਿੰਘ ਨੂੰ ਵੈਨ ਡਰਾਈਵਰ ਨੂੰ ਮੁਆਵਜ਼ੇ ਵਜੋਂ 2,500 ਡਾਲਰ ਦੇਣ ਦਾ ਹੁਕਮ ਦਿੱਤਾ ਗਿਆ। ਹਾਲਾਂਕਿ ਵੈਨ ਡਰਾਈਵਰ ਨੇ ਸਿਮਰਨਜੀਤ ਸਿੰਘ ਦੇ ਦੁੱਖ ਨੂੰ ਵੇਖਦਿਆਂ ਉਸ ਤੋਂ ਕੋਈ ਮੁਆਵਜ਼ੇ ਦੀ ਮੰਗ ਨਹੀਂ ਕੀਤੀ ਸੀ।
ਸਿਮਰਨਜੀਤ ਸਿੰਘ 2022 ’ਚ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ Wellington ’ਚ ਰਹਿੰਦਾ ਸੀ। ਜੱਜ ਨੇ ਉਸ ਦੇ ਪਸ਼ਚਾਤਾਪ ਅਤੇ ਧੀ ਦੀ ਦੇਖਭਾਲ ਨੂੰ ਧਿਆਨ ’ਚ ਰੱਖਦਿਆਂ ਉਸ ਨੂੰ ਸੰਤੁਲਿਤ ਸਜ਼ਾ ਸੁਣਾਈ।