ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਮਲੇ ’ਚ ਐਡੀਲੇਡ ਦੇ ਭੁਪਿੰਦਰ ਸਿੰਘ ਨੂੰ ਪੰਜ ਸਾਲ ਕੈਦ ਦੀ ਸਜ਼ਾ

ਮੈਲਬਰਨ : ਐਡੀਲੇਡ ਦੇ ਸਬਅਰਬ Windsor Gardens ’ਚ ਤੇਜ਼ ਰਫ਼ਤਾਰ ਕਾਰ ਨਾਲ ਇੱਕ ਔਰਤ ਨੂੰ ਟੱਕਰ ਮਾਰਨ ਦੇ ਇਲਜ਼ਾਮ ’ਚ ਭੁਪਿੰਦਰ ਸਿੰਘ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸੇ ਸਾਲ ਅਪ੍ਰੈਲ ’ਚ ਉਸ ਨੇ ਖ਼ੁਦ ਨੂੰ Christine Sandford ਦੀ ਮੌਤ ਲਈ ਜ਼ਿੰਮੇਵਾਰ ਮੰਨ ਲਿਆ ਸੀ।

ਹਾਲਾਂਕਿ ਇਸ ਤੋਂ ਬਾਅਦ ਸਜ਼ਾ ਤੋਂ ਬਚਣ ਲਈ ਅਜੀਬੋ-ਗ਼ਰੀਬ ਕਾਰਨ ਦੇਣ ਲਈ ਉਹ ਸੁਰਖ਼ੀਆਂ ’ਚ ਰਿਹਾ ਸੀ। ਉਸ ਨੇ ਅਦਾਲਤ ’ਚ ਕਿਹਾ ਸੀ ਕਿ ਟੱਕਰ ਮਾਰਨ ਮਗਰੋਂ ਉਹ ਪੀੜਤ ਦੀ ਮਦਦ ਕਰਨ ਲਈ ਇਸ ਕਾਰਨ ਨਹੀਂ ਰੁਕਿਆ ਸੀ ਕਿਉਂਕਿ ਇਸ ਦੌਰਾਨ ਉਸ ਦੀ ਪੱਗ ਉਤਰ ਗਈ ਸੀ ਅਤੇ ਸਿੱਖ ਲਈ ਪੱਗ ਉਤਰਨਾ ਸਾਰਿਆਂ ਸਾਹਮਣੇ ਨੰਗੇ ਹੋਣ ਬਰਾਬਰ ਹੁੰਦਾ ਹੈ। ਇਹੀ ਨਹੀਂ ਮਈ ’ਚ ਉਸ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ ਕਿ ਜੇਕਰ ਉਸ ਨੂੰ ਕੈਦ ਦੀ ਸਜ਼ਾ ਹੋ ਗਈ ਤਾਂ ਉਹ ਜੇਲ੍ਹ ’ਚ ਆਪਣੇ ਧਰਮ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕਰ ਸਕੇਗਾ। ਹਾਲਾਂਕਿ ਅੱਜ ਜੱਜ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜੇਲ੍ਹ ’ਚ ਧਰਮ ਦੀ ਪਾਲਣਾ ਕਰਨ ’ਚ ਮੁਸ਼ਕਲ ਰਹਿਮ ਦਾ ਕਾਰਨ ਨਹੀਂ ਹੋ ਸਕਦਾ।

ਭੁਪਿੰਦਰ ਸਿੰਘ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ’ਤੇ ਆਪਣੇ ਦੋਸਤ ਤੋਂ ਉਧਾਰੀ ਲਈ ਫ਼ੋਰਡ ਮਸਟੈਂਡ ਕਾਰ ਚਲਾ ਰਿਹਾ ਸੀ, ਜਦੋਂ ਇਸ ਨੇ 18 ਮਾਰਚ 2023 ਨੂੰ 40 ਸਾਲ ਦੀ Christine Sandford ਦੀ ਉਸ ਦੇ ਘਰ ਨੇੜੇ ਹੀ ਟੱਕਰ ਮਾਰ ਦਿੱਤੀ ਸੀ।