ਮੈਲਬਰਨ : ਮੈਲਬਰਨ ਦੇ ਈਸਟ ’ਚ ਸਥਿਤ Wantirna South ਦੀ Coleman Road ’ਤੇ ਵੀਰਵਾਰ ਨੂੰ ਵਾਪਰੇ ਮੰਦਭਾਗੇ ਹਾਦਸੇ ’ਚ ਇੱਕ 59 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ, ਜਦਕਿ 3-4 ਸਾਲ ਦਾ ਇੱਕ ਮੁੰਡਾ ਅਤੇ 60 ਸਾਲ ਦਾ ਮਰਦ ਗੰਭੀਰ ਜ਼ਖਮੀ ਹੋ ਗਏ। ਹਾਦਸਾ ਦੁਪਹਿਰ 12:20 ਵਜੇ ਉਦੋਂ ਵਾਪਰਿਆ ਜਦੋਂ 91 ਸਾਲ ਦੀ ਔਰਤ ਵੱਲੋਂ ਚਲਾਈ ਜਾ ਰਹੀ ਕਾਰ ਬੇਕਾਬੂ ਹੋ ਕੇ ਫ਼ੁੱਟਪਾਥ ’ਤੇ ਚੜ੍ਹ ਗਈ ਅਤੇ ਤਿੰਨ ਜਣਿਆਂ ਨੂੰ ਦਰੜਦੀ ਹੋਈ ਇੱਕ ਪਾਰਕ ਦੀ ਵਾੜ ’ਚ ਜਾ ਵੱਜੀ। ਚਸ਼ਮਦੀਦਾਂ ਅਨੁਸਾਰ ਤਿੰਨਾਂ ਜਣਿਆਂ ’ਚ ਕਾਰ ਪਿੱਛੇ ਤੋਂ ਆ ਕੇ ਵੱਜੀ। ਪੀੜਤ ਇੱਕੋ ਪਰਿਵਾਰ ਦੇ ਸਨ। ਮ੍ਰਿਤਕ ਔਰਤ ਜ਼ਖ਼ਮੀ ਮੁੰਡੇ ਦੀ ਦਾਦੀ ਸੀ ਅਤੇ ਜ਼ਖ਼ਮੀ ਮਰਦ ਮੁੰਡੇ ਦਾ ਦਾਦਾ। ਕਾਰ ਡਰਾਈਵਰ ਬਜ਼ੁਰਗ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ’ਚ ਨਿਗਰਾਨੀ ਅਧੀਨ ਹੈ।
ਦੂਜੇ ਪਾਸੇ ਘਟਨਾ ਨੂੰ ਲੈ ਕੇ ਬਹੁਤ ਬਜ਼ੁਰਗਾਂ ਵੱਲੋਂ ਡਰਾਈਵਿੰਗ ਦੀ ਇਜਾਜ਼ਤ ’ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਸ਼ੁੱਕਰਵਾਰ ਨੂੰ ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ Ben Carroll ਨੇ ਕਿਹਾ, ‘‘ਮੇਰੇ ਖ਼ਿਆਲ ਨਾਲ ਬਜ਼ੁਰਗਾਂ ਲਈ ਡਰਾਈਵ ਟੈਸਟ ਜਾਇਜ਼ ਸਵਾਲ ਹੈ। ਮੈਂ ਇਸ ਬਾਰੇ ਸੜਕ ਸੁਰੱਖਿਆ ਮੰਤਰੀ ਨਾਲ ਮਿਲ ਕੇ ਕੰਮ ਕਰਾਂਗਾ। GPs ਰਾਹੀਂ ਕਈ ਪਹਿਲਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤਾਂ ਕਿ ਵਿਕਟੋਰੀਆ ਦੇ ਲੋਕਾਂ ਦੀ ਡਰਾਈਵਰ ਦੇ ਲਾਇਸੈਂਸ ਲਈ ਟੈਸਟਿੰਗ ਹੁੰਦੀ ਰਹੇ। ਪਰ ਇਸ ਦੁਖਾਂਤ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਹੈ। ਇਸ ਮਾਮਲੇ ਦੀ ਡੂੰਘੀ ਜਾਂਚ ਹੋਵੇਗੀ।’’