ਭਾਰਤੀ ਔਰਤ ਨਾਲ ਸੈਂਕੜੇ ਡਾਲਰ ਦੀ ਧੋਖਾਧੜੀ ਕਰਨ ਵਾਲਾ ਆਸਟ੍ਰੇਲੀਅਨ ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਆ ਦੇ ਇਕ ਅਕਾਦਮਿਕ ਡਾ. ਅਭਿਸ਼ੇਕ ਸ਼ੁਕਲਾ ਨੂੰ Shaadi.com ਰਾਹੀਂ ਇੱਕ ਭਾਰਤੀ ਤਲਾਕਸ਼ੁਦਾ ਔਰਤ ਨਾਲ ਲਗਭਗ 6,45,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਖ਼ੁਦ ਨੂੰ Shaadi.com ’ਤੇ “ਡਾ. ਰੋਹਿਤ ਓਬਰਾਏ” ਵਜੋਂ ਕਰ ਕੇ, ਉਸ ਨੇ ਔਰਤ ਦਾ ਵਿਸ਼ਵਾਸ ਜਿੱਤਿਆ, ਵਿਆਹ ਦਾ ਵਾਅਦਾ ਕੀਤਾ, ਅਤੇ ਉਸ ਨੂੰ ਉਸ ਦਾ ਕਾਰੋਬਾਰ ਵਿਦੇਸ਼ਾਂ ’ਚ ਫੈਲਾਉਣ ਦਾ ਵਾਅਦਾ ਕਰ ਕੇ ਫੰਡ ਦੇਣ ਲਈ ਰਾਜ਼ੀ ਕਰ ਲਿਆ। ਪਰ ਬਾਅਦ ’ਚ ਉਸ ਨਾਲ ਗੱਲਬਾਤ ਕਰਨੀ ਹੌਲੀ-ਹੌਲੀ ਘੱਟ ਕਰ ਦਿੱਤੀ। ਖ਼ੁਦ ਨੂੰ ਕੈਂਸਰ ਹੋਣ ਦੀ ਗੱਲ ਕਹੀ ਅਤੇ ਫਿਰ ਕਿਸੇ ਤੋਂ ਝੂਠਾ ਫ਼ੋਨ ਕਰਵਾ ਦਿੱਤਾ ਕਿ ਉਸ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਔਰਤ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਕੇਸ ਦਰਜ ਕਰਵਾ ਦਿੱਤਾ। ਜਾਂਚਕਰਤਾਵਾਂ ਨੂੰ ਪਤਾ ਲੱਗਾ ਕਿ ਸ਼ੁਕਲਾ ਨੇ Shaadi.com ‘ਤੇ 3,000 ਤੋਂ ਵੱਧ ਔਰਤਾਂ ਨਾਲ ਸੰਪਰਕ ਕੀਤਾ ਸੀ। ਇੱਕ ਦਿਨ ਜਦੋਂ ਸ਼ੁਕਲਾ ਮੁੰਬਈ ਆਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁਕਲਾ ਦਾ ਜਨਮ ਲਖਨਊ ’ਚ ਹੋਇਆ ਸੀ। ਉਹ ਖ਼ੁਦ ਨੂੰ ਇੱਕ ਇਨੋਵੇਟਰ ਅਤੇ ਫਿਲਮ ਨਿਰਮਾਤਾ ਵਜੋਂ ਪੇਸ਼ ਕਰਦਾ ਸੀ। ਉਸ ਨੇ ਯੂਨੀਵਰਸਿਟੀ ਆਫ਼ ਮੈਲਬਰਨ ਤੋਂ ਡਾਕਟਰੇਟ ਕੀਤੀ ਸੀ ਅਤੇ ਚਾਰਲਸ ਡਾਰਵਿਨ ਯੂਨੀਵਰਸਿਟੀ ’ਚ ਲੈਕਲਚਰਾਰ ਰਿਹਾ ਹੈ। ਉਹ ਇਸ ਸਮੇਂ ਧੋਖਾਧੜੀ ਅਤੇ ਪਛਾਣ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਪੁਲਿਸ ਹਿਰਾਸਤ ਵਿੱਚ ਹੈ।