ਮੈਲਬਰਨ : ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 27ਵੀਆਂ Griffith ਸ਼ਹੀਦੀ ਖੇਡਾਂ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। ਇਸ ਸੰਬੰਧ ਵਿੱਚ ਅੱਜ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਖੰਡ ਪਾਠ ਸਾਹਿਬ ਦੇ ਭੋਗ ਸ਼ੁਕਰਵਾਰ ਸਵੇਰੇ 10 ਵਜੇ ਪਾਏ ਜਾਣਗੇ।
ਇਸ ਤੋਂ ਇਲਾਵਾ ਖੇਡਾਂ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਸੰਗਤਾਂ ਨੂੰ ਪਾਰਕਿੰਗ ਬਾਰੇ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸੰਗਤਾਂ Griffith ਵਿੱਚ ਪਹੁੰਚ ਰਹੀਆਂ ਨੇ ਉਹ ਪਾਰਕਿੰਗ ਲਈ ਬਣਾਏ ਗਏ ਸਥਾਨਾਂ ’ਤੇ ਹੀ ਗੱਡੀਆਂ ਪਾਰਕ ਕਰਨ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਗੁਰਦੁਆਰਾ ਸਾਹਿਬ ’ਚ ਗੱਡੀ ਪਾਰਕ ਕਰਨ ਅਤੇ ਉਥੋਂ ਮੁਫ਼ਤ ਸ਼ਟਲ ਬੱਸ ਰਾਹੀਂ ਖੇਡਾਂ ’ਚ ਆਉਣ ਦੀ ਬੇਨਤੀ ਕੀਤੀ। ਕਿਉਂਕਿ ਮੈਦਾਨ ਨੇੜੇ ਪਾਰਕਿੰਗ ਦੀ ਮਾਤਰਾ ਸਮੀਤ ਹੈ।
ਉਨ੍ਹਾਂ ਕਾਰਵਾਨ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂਘਰ ’ਚ ਕਾਰਵਾਨ ਪਾਰਕ ਕਰਨ ਲਈ ਸੀਮਤ ਥਾਂ ਹੈ ਇਸ ਕਾਰਨ Griffith ’ਚ ਬਣੇ ਕਾਰਵਾਨ ਪਾਰਕ ਜਾਂ ਨੇੜਲੇ ਦੋ ਸ਼ਹਿਰਾਂ, ਲੀਟਨ ਅਤੇ ਡਾਰਲਿੰਗਟਨ ਪੁਆਇੰਟ, ’ਚ ਥਾਂ ਬੁੱਕ ਕਰ ਕੇ ਕਾਰਵਾਨ ਪਾਰਕ ਕੀਤੀ ਜਾ ਸਕਦੀ ਹੈ। ਉਨ੍ਹਾਂ ਬੇਨਤੀ ਕੀਤੀ ਕਿ ਕਿਸੇ ਵੀ ਅਜਿਹੀ ਥਾਂ ’ਤੇ ਗੱਡੀ ਪਾਰਕ ਨਾ ਕੀਤੀ ਜਾਵੇ ਜਿੱਥੇ ਜੁਰਮਾਨਾ ਲੱਗੇ, ਜਿਵੇਂ ਕਿ Griffith ਦੇ ਮੇਅਰ ਨੇ ਵੀ ਪਿਛਲੇ ਦਿਨੀਂ ਇੱਕ ਵੀਡੀਓ ਅਪਲੋਡ ਕਰ ਕੇ ਜਾਣਕਾਰੀ ਦਿਤੀ ਸੀ।
ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਬੱਡੀ ਦੀਆਂ ਪੰਜ ਸੀਨੀਅਰ ਟੀਮਾਂ ਅਤੇ ਅੱਠ ਜੂਨੀਅਰ ਟੀਮਾਂ ਖੇਡਾਂ ’ਚ ਹਿੱਸਾ ਲੈਣਗੀਆਂ। ਇਸੇ ਤਰ੍ਹਾਂ ਹੀ ਫੁੱਟਬਾਲ, ਵਾਲੀਬਾਲ, ਰੱਸਾਕਸ਼ੀ ਤੇ ਬੀਬੀਆਂ ਦੀਆਂ ਦੌੜਾਂ ਸਮੇਤ ਹਰ ਸਾਲ ਜਿੰਨੀਆਂ ਵੀ ਖੇਡਾਂ ਹੁੰਦੀਆਂ ਹਨ ਉਹ ਹੋਣਗੀਆਂ। ਖੇਡਾਂ ਦੀ ਸ਼ੁਰੂਆਤ ਗੱਤਕੇ ਦੇ ਇਵੈਂਟ ਨਾਲ ਹੋਵੇਗੀ। ਕਬੱਡੀ ਦੇ ਪਹਿਲੇ ਦਿਨ ਸੀਨੀਅਰ ਟੀਮਾਂ ਦੇ ਚਾਰ ਮੈਚ ਹੋਣਗੇ। ਦੂਸਰੇ ਦਿਨ ਤਿੰਨ ਮੈਚ ਹੋਣਗੇ। ਇਨ੍ਹਾਂ ਮੈਚਾਂ ਵਿਚਕਾਰ ਜੂਨੀਅਰ ਟੀਮਾਂ ਦੇ ਮੈਚ ਵੀ ਹੋਣਗੇ। ਫੁੱਟਬਾਲ ਦੇ ਮੈਚ ਮੁੱਖ ਮੈਦਾਨ ’ਚ ਹੋਣਗੇ ਜਦਕਿ ਵਾਲੀਬਾਲ ਦੇ ਮੈਚ Griffith ਦੇ ਨਵੇਂ ਬਣੇ ਇਨਡੋਰ ਸਟੇਡੀਅਮ ’ਚ ਹੋਣਗੇ। ਇਸ ਤੋਂ ਇਲਾਵਾ ਗੁਰੂ ਘਰ ਵਿੱਚ ਦੀਵਾਨ ਵੀ ਲਗਾਤਾਰ ਸੱਜਣਗੇ।
ਉਨ੍ਹਾਂ ਨੇ ਲੋਕਾਂ ਨੂੰ ਖੇਡਾਂ ਦੌਰਾਨ ਕਾਨੂੰਨ ਦੀ ਪਾਲਣਾ ਕਰਨ ਦੀ ਵੀ ਅਪਲ ਕਰਦਿਆਂ ਕਿਹਾ, ‘‘ਗਰਾਊਂਡ ਦੇ ਵਿੱਚ ਕੁਝ ਸਾਡੇ ਨੌਜਵਾਨ ਵੀਰ ਕਈ ਵਾਰ ਇਹੋ ਜਿਹਾ ਹਰਕਤਾਂ ਕਰਦੇ ਨੇ ਜਿਹੜੀਆਂ ਸਾਡੀ ਸਾਰੀ ਕਮਿਊਨਿਟੀ ਨੂੰ ਸ਼ਰਮਸਾਰ ਕਰਦੀਆਂ ਹਨ। ਦੋ ਕੁ ਸਾਲ ਪਹਿਲਾਂ ਕੁਝ ਨੌਜਵਾਨ ਵੀਰ ਬਾਣੇ ਦੇ ਵਿੱਚ ਨੰਗੀ ਸਿਰੀ ਸਾਹਿਬ ਲੈ ਕੇ ਮੋਢੇ ’ਤੇ ਰੱਖ ਕੇ ਉੱਥੇ ਘੁੰਮ ਰਹੇ ਸੀ ਜਿਸ ਦਾ ਪੁਲਿਸ ਨੇ ਨੋਟਿਸ ਲਿਆ ਤੇ ਸਾਨੂੰ ਉਨ੍ਹਾਂ ਨੇ ਦੱਸਿਆ ਵੀ ਕਿ ਆਹ ਤੁਹਾਡੇ ਬੰਦੇ ਗਲਤ ਕਰ ਰਹੇ ਨੇ। ਅਸੀਂ ਨਹੀਂ ਚਾਹੁੰਦੇ ਕਿ ਰੰਗ ਦੇ ਵਿੱਚ ਭੰਗ ਪਵੇ ਤੇ ਤੁਸੀਂ ਇਨ੍ਹਾਂ ਨੂੰ ਸਮਝਾਓ ਕਿ ਇਹ ਕਾਨੂੰਨ ਦੇ ਵਿਰੁੱਧ ਹੈ। ਇਸ ਕਰਕੇ ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਖਿਆਲ ਰੱਖਣਾ।’’ ਉਨ੍ਹਾਂ ਇਹ ਵੀ ਕਿਹਾ ਕਿ ਟੂਰਨਾਮੈਂਟ ਸ਼ਹੀਦਾਂ ਦੀ ਯਾਦ ’ਚ ਹੁੰਦਾ ਹੈ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਖੇਡਾਂ ਵੇਖਣ ਆਏ ਲੋਕ ਦੋ ਦਿਨ ਨਸ਼ੇ ਵਗੈਰਾ ਕਰਨ ਤੋਂ ਗੁਰੇਜ਼ ਕਰਨ।