ਮੈਲਬਰਨ : ਪਿਛਲੇ ਦਿਨੀਂ ਗਲਤ ਭਰੂਣ ਟਰਾਂਸਫ਼ਰ ਕਾਰਨ ਔਰਤ ਵੱਲੋਂ ਕਿਸੇ ਹੋਰ ਦੇ ਬੱਚੇ ਨੂੰ ਜਨਮ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ Monash IVF ਮੁੜ ਸੁਰਖ਼ੀਆਂ ’ਚ ਹੈ। ਬ੍ਰਿਸਬੇਨ ਦੀ ਸਰਨ ਕੌਰ ਨੇ ਵੀ ਮੀਡੀਆ ਸਾਹਮਣੇ ਆਪਣੀ ਅਣਸੁਖਾਵੀਂ ਯਾਦ ਸਾਂਝੀ ਕੀਤੀ ਹੈ ਜਦੋਂ ਚਾਰ ਦਿਨਾਂ ਤਕ ਉਸ ਦੇ ਛੇ embryos ਗੁੰਮ ਰਹੇ। ਇਸ ਘਟਨਾ ਨੇ Monash IVF ਦੀ ਕਾਰਗੁਜ਼ਾਰੀ ’ਤੇ ਮੁੜ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ।
9news ਦੀ ਰਿਪੋਰਟ ਅਨੁਸਾਰ ਘਟਨਾ ਨਵੰਬਰ 2020 ਦੀ ਹੈ ਜਦੋਂ ਸਰਨ ਕੌਰ ਨੇ ਮੈਲਬਰਨ ਦੇ ਇੱਕ IVF ’ਚ ਪਏ ਆਪਣੇ ਛੇ embryos ਆਪਣੇ ਘਰ ਨੇੜੇ ਸਥਿਤ Monash IVF ’ਚ ਮੰਗਵਾਏ ਸਨ। Embryos ਨੂੰ 23 ਨਵੰਬਰ ਨੂੰ ਬ੍ਰਿਸਬੇਨ ਸਥਿਤ ਕਲੀਨਿਕ ’ਚ ਪਹੁੰਚਣਾ ਸੀ, ਪਰ ਇਨ੍ਹਾਂ ਦੇ ਸਮੇਂ ਸਿਰ ਨਾ ਆਉਣ ’ਤੇ ਵੀ Monash IVF ਸਟਾਫ ਬੇਫਿਕਰ ਰਿਹਾ ਅਤੇ ਸਰਨ ਕੌਰ ਨੂੰ ਇਸ ਬਾਰੇ ਕਿਸੇ ਨੇ ਸੂਚਿਤ ਵੀ ਨਹੀਂ ਕੀਤਾ। ਅਗਲੇ ਦਿਨ ਸਰਨ ਕੌਰ ਵੱਲੋਂ ਕਲੀਨਿਕ ’ਚ ਕਾਲ ਕਰਨ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ embryos ਉਨ੍ਹਾਂ ਕੋਲ ਨਹੀਂ ਪੁੱਜੇ, ਜਿਸ ਕਾਰਨ ਸਰਨ ਕੌਰ ਚਿੰਤਤ ਅਤੇ ਨਿਰਾਸ਼ ਹੋ ਗਈ। ਅਖ਼ੀਰ ਚਾਰ ਦਿਨਾਂ ਬਾਅਦ ਮੈਲਬਰਨ ਸਥਿਤ IVF ਤੋਂ ਉਸ ਨੂੰ ਕਾਲ ਆਈ ਕਿ embryos ਉਨ੍ਹਾਂ ਕੋਲ ਵਾਪਸ ਆ ਗਏ ਹਨ।
ਖੁਸ਼ਕਿਸਮਤੀ ਨਾਲ, ਭਰੂਣ ਠੀਕ ਸਨ ਅਤੇ ਸਰਨ ਕੌਰ ਨੇ ਮੈਲਬਰਨ ’ਚ ਹੀ ਆਪਣੀ IVF ਯਾਤਰਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇ ਇੱਕ ਸਿਹਤਮੰਦ ਪੁੱਤਰ, Ari, ਨੂੰ ਜਨਮ ਦਿੱਤਾ। Monash IVF ਨੇ ਇਸ ਘਟਨਾ ਲਈ ਮੈਲਬਰਨ ਦੀ IVF ਅਤੇ ਤੀਜੀ ਧਿਰ ਦੇ ਕੋਰੀਅਰ ਨੂੰ ਜ਼ਿੰਮੇਵਾਰ ਠਹਿਰਾਇਆ, ਜਦੋਂ ਕਿ ਮੈਲਬਰਨ IVF ਨੇ ਭਰੂਣ ਦੀ ਪੈਕਿੰਗ ਵਿੱਚ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ।