ਮੈਲਬਰਨ : ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪੰਜਾਬ ਸਮੇਤ ਭਾਰਤ ਦੇ ਪੰਜ ਸਟੇਟਾਂ ਤੋਂ ਆਉਣ ਵਾਲੇ ਸਟੂਡੈਂਟਸ ’ਤੇ ਵੀਜ਼ਾ ਪਾਬੰਦੀ ਲਗਾ ਦਿਤੀ ਹੈ। ਪੰਜਾਬ, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਟੂਡੈਂਟਸ ’ਤੇ ਵੀਜ਼ਾ ਦਸਤਾਵੇਜ਼ਾਂ ਵਿੱਚ ਧੋਖਾਧੜੀ ਦਾ ਦੋਸ਼ ਹੈ। ਵਿਕਟੋਰੀਆ ਯੂਨੀਵਰਸਿਟੀ, ਵੈਸਟਰਨ ਸਿਡਨੀ ਯੂਨੀਵਰਸਿਟੀ, ਐਡਿਥ ਕੋਵਾਨ ਯੂਨੀਵਰਸਿਟੀ, ਵੋਲੋਂਗੋਂਗ ਯੂਨੀਵਰਸਿਟੀ, ਟੋਰੇਂਸ ਯੂਨੀਵਰਸਿਟੀ ਨੇ ਇਨ੍ਹਾਂ ਸਟੂਡੈਂਟਸ ’ਤੇ ਸਟੱਡੀ ਵੀਜ਼ੇ ਲੈ ਕੇ ਆਸਟ੍ਰੇਲੀਆ ਵਿੱਚ ਪੂਰਾ ਸਮਾਂ ਕੰਮ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।
ਆਸਟ੍ਰੇਲੀਆਈ ਸਰਕਾਰ ਨੇ ਇਸ ਬਾਰੇ ਕਿਹਾ ਹੈ, ‘‘ਅਸੀਂ ਕਿਸੇ ਵੀ ਦੇਸ਼ ਦੇ ਵਿਦਿਆਰਥੀਆਂ ’ਤੇ ਪਾਬੰਦੀਆਂ ਨਹੀਂ ਲਗਾਉਂਦੇ। ਇਹ ਯੂਨੀਵਰਸਿਟੀਆਂ ਦਾ ਫੈਸਲਾ ਹੈ।’’ ਜਦਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਬੀਰ ਜੈਸਵਾਲ ਤੋਂ ਇਸ ਬਾਰੇ ਕੀਤੇ ਸਵਾਲ ’ਤੇ ਉਨ੍ਹਾਂ ਕਿਹਾ, ‘‘ਵੀਜ਼ਾ ਦੇ ਮਾਮਲੇ ਖ਼ੁਦਮੁਖਤਿਆਰ ਹੁੰਦੇ ਹਨ। ਆਸਟ੍ਰੇਲੀਆ ਕਿਸੇ ਨੂੰ ਵੀ ਵੀਜ਼ਾ ਜਾਰੀ ਕਰੇ ਜਾਂ ਨਾ ਕਰੇ, ਇਹ ਉਨ੍ਹਾਂ ਦਾ ਅਧਿਕਾਰ ਹੈ। ਅਸੀਂ ਕੀ ਕਰ ਸਕਦੇ ਹਾਂ?’’