ਨਾਰਾਜ਼ ਵੋਟਰ ਨੇ Albanese ਦੇ ਘਰ ਬਾਹਰ ਲਾਇਆ ਧਰਨਾ, Dutton ਦੇ ਦਫ਼ਤਰ ’ਤੇ ਵੀ ਹਮਲਾ

ਮੈਲਬਰਨ : ਚੋਣ ਪ੍ਰਚਾਰ ਵਿਚਕਾਰ ਲੇਬਰ ਅਤੇ Coalition ਪ੍ਰਮੁੱਖ ਆਗੂਆਂ ਨੂੰ ਸਖ਼ਤ ਵਿਰੋਧ ਪ੍ਰਦਰਸ਼ਨਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ ਦੇ ਰਾਸ਼ਟਰੀ ਰਿਹਾਇਸ਼ੀ ਸੰਕਟ ਨੂੰ ਉਜਾਗਰ ਕਰਨ ਲਈ ਇਕ ਸਾਲ ਦੇ ਬੱਚੇ ਦੇ ਪਿਤਾ Morgan Cox ਨੇ ਪ੍ਰਧਾਨ ਮੰਤਰੀ Anthony Albanese ਦੇ NSW ਸੈਂਟਰਲ ਕੋਸਟ ਸਥਿਤ ਘਰ ਦੇ ਬਾਹਰ ਹੀ ਧਰਨਾ ਲਗਾ ਦਿਤਾ ਹੈ। Cox ਨੇ ਕਿਹਾ ਕਿ ਉਹ ਵਧੇ ਹੋਏ ਕਿਰਾਏ ਤੋਂ ਪੀੜਤ ਹਰ ਕਿਸੇ ਲਈ ਪ੍ਰਦਰਸ਼ਨ ਕਰ ਰਿਹਾ ਹੈ। ਦਰਅਸਲ Cox ਦੇ ਪਰਿਵਾਰ ਨੂੰ ਕਿਰਾਏ ਵਿੱਚ ਵਾਧੇ ਕਾਰਨ ਸਿਡਨੀ ਤੋਂ ਗੋਸਫੋਰਡ ਜਾਣ ਲਈ ਮਜਬੂਰ ਹੋਣਾ ਪਿਆ।

ਉਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਕਿਰਾਇਆ 180 ਡਾਲਰ ਪ੍ਰਤੀ ਹਫ਼ਤਾ ਜਾਂ ਸਾਲਾਨਾ ਲਗਭਗ 10,000 ਡਾਲਰ ਵਧ ਗਿਆ ਹੈ। ਉਸ ਨੇ ਕਿਹਾ, ‘‘ਮੈਂ ਕੋਈ ਸਸਤੀ ਥਾਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਹੀਂ ਮਿਲੀ। ਜਿੱਥੇ ਕੋਈ ਸਸਤੀ ਥਾਂ ਹੈ ਵੀ, ਉਥੇ ਦਰਜਨਾਂ ਲੋਕ ਕਤਾਰਾਂ ’ਚ ਲੱਗੇ ਹਨ।’’ ਉਹ ਤੁਰੰਤ ਸੁਧਾਰਾਂ ਦੀ ਵਕਾਲਤ ਕਰ ਰਿਹਾ ਹੈ, ਰਿਹਾਇਸ਼ੀ ਸਪਲਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇਮੀਗ੍ਰੇਸ਼ਨ ਨੂੰ ਘਟਾਉਣ, ਟੈਕਸ ਸੁਧਾਰ ਅਤੇ ਸਟੂਡੈਂਟਸ ਰਿਹਾਇਸ਼ ਵਿੱਚ ਨਿਵੇਸ਼ ਵਧਾਉਣ ਵਰਗੇ ਹੱਲਾਂ ਦਾ ਸੁਝਾਅ ਦੇ ਰਿਹਾ ਹੈ।

ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ Peter Dutton ਦੇ ਬ੍ਰਿਸਬੇਨ ਸਥਿਤ ਵੋਟਰ ਦਫ਼ਤਰ ਨੂੰ ਬੁੱਧਵਾਰ ਰਾਤ ਨਿਸ਼ਾਨਾ ਬਣਾਇਆ ਗਿਆ, ਜਦੋਂ ਉਹ ਵੈਸਟਰਨ ਸਿਡਨੀ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਬ੍ਰਿਸਬੇਨ ਦੇ ਨੌਰਥ-ਵੈਸਟ ਵਿਚ ਸਥਿਤ ਉਨ੍ਹਾਂ ਦੇ Arana Hills ਦਫਤਰ ਦੇ ਬਾਹਰ ਕਾਲੇ ਰੰਗ ਵਿਚ ਲਿਖੇ ‘ਮੈਗੋਟ’ ਅਤੇ ‘ਸਕੱਮ’ ਸ਼ਬਦ ਲਿਖ ਦਿਤੇ ਗਏ। ਕੁਈਨਜ਼ਲੈਂਡ ਪੁਲਿਸ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ ਅਤੇ ਗਵਾਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਸਿਆਹੀ ਨੂੰ ਜ਼ਿਆਦਾਤਰ ਹਟਾ ਦਿੱਤਾ ਗਿਆ।