ਟਰੰਪ ਟੈਰਿਫ਼ ਦੇ ਐਲਾਨ ਤੋਂ ਬਾਅਦ ਪੂਰੀ ਦੁਨੀਆ ’ਚ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗੇ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਭਰ ਤੋਂ ਅਮਰੀਕਾ ’ਚ ਇੰਪੋਰਟ ’ਤੇ ਟੈਰਿਫ਼ ਥੋਪੇ ਜਾਣ ਦੇ ਐਲਾਨ ਤੋਂ ਬਾਅਦ ਅਮਰੀਕਾ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ। ਆਸਟ੍ਰੇਲੀਆ ਦਾ ਸ਼ੇਅਰ ਬਾਜ਼ਾਰ ASX 200 ਅੱਜ 191 ਅੰਕ ਦੀ ਭਾਰੀ ਗਿਰਾਵਟ ਤੋਂ ਬਾਅਦ 7667 ’ਤੇ ਬੰਦ ਹੋਇਆ। ਇਸ ਗਿਰਾਵਟ ਨਾਲ ਨਿਵੇਸ਼ਕਾਂ ਦੀ 56.6 ਬਿਲੀਅਨ ਡਾਲਰ ਤੋਂ ਵੱਧ ਰਕਮ ਸੁਆਹ ਹੋ ਗਈ। ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰਾਂ ਤੋਂ ਇਲਾਵਾ ਬਾਕੀ ਸਾਰੇ ਖੇਤਰਾਂ ’ਚ ਗਿਰਾਵਟ ਵੇਖੀ ਗਈ। ਊਰਜਾ ਖੇਤਰ ਦੇ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ 6% ਦੀ ਗਿਰਾਵਟ ਵੇਖੀ ਗਈ।

ਅਮਰੀਕਾ ਤੋਂ ਬਾਅਦ ਚੀਨ ਅਤੇ ਯੂਰੋਪ, ਦੱਖਣੀ ਕੋਰੀਆ, ਮੈਕਸੀਕੋ ਅਤੇ ਭਾਰਤ ਵੱਲੋਂ ਵੀ ਅਮਰੀਕੀ ਵਸਤਾਂ ’ਤੇ ਜਵਾਬੀ ਟੈਰਿਫ਼ ਲਾਗੂ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਆਲਮੀ ਟੈਰਿਫ਼ ਜੰਗ ਸ਼ੁਰੂ ਹੋਣ ਦਾ ਖਦਸ਼ਾ ਹੈ, ਜਿਸ ਕਾਰਨ ਨਿਵੇਸ਼ਕਾਂ ’ਚ ਚਿੰਤਾ ਹੈ। ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ 2020 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਨਿਵੇਸ਼ਕਾਂ ਦੀ ਦੌਲਤ 2.4 ਟ੍ਰਿਲੀਅਨ ਡਾਲਰ ਘੱਟ ਗਈ। ਯੂਰੋਪ ’ਚ ਸ਼ੇਅਰ ਬਾਜ਼ਾਰ 2.7% ਅਤੇ ਟੋਕੀਓ ’ਚ 2.8% ਡਿੱਗ ਗਿਆ। ਕੱਚੇ ਤੇਲ ਦੀਆਂ ਕੀਮਤਾਂ ’ਚ ਵੀ 2 ਅਮਰੀਕੀ ਡਾਲਰ ਪ੍ਰਤੀ ਬੈਰਲ ਦੀ ਕਮੀ ਵੇਖੀ ਗਈ।