ਸਾਊਥ ਆਸਟ੍ਰੇਲੀਆ ਨੇੜੇ ਚੀਨੀ ਜਹਾਜ਼ ਦੇ ਮੁੱਦੇ ’ਤੇ ਚੀਨੀ ਮੀਡੀਆ ਨੇ ਕੀਤੀ Anthony Albanese ਦੀ ਤਾਰੀਫ਼

ਮੈਲਬਰਨ : ਆਸਟ੍ਰੇਲੀਆ ’ਚ ਚਲ ਰਹੇ ਚੋਣ ਪ੍ਰਚਾਰ ਵਿਚਕਾਰ ਸਾਊਥ ਆਸਟ੍ਰੇਲੀਆ ਦੇ ਤੱਟ ’ਤੇ ਚੀਨੀ ਖੋਜੀ ਜਹਾਜ਼ Tan Suo Yi Hao ਦਿਸਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ Anthony Albanese ਦੀ ਵਿਰੋਧੀ ਧਿਰ ਦੇ ਨੇਤਾ Peter Dutton ਨਾਲ ਤਿੱਖੀ ਬਹਿਸ ਹੋਈ। Dutton ਨੇ ਚੀਨੀ ਜਹਾਜ਼ ਦੇ ਮਾਮਲੇ ਨਾਲ ਨਜਿੱਠਣ ਲਈ Albanese ਦੀ ਕਰੜੀ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ‘ਕਮਜ਼ੋਰੀ ਵਿਖਾਉਣ’ ਦਾ ਦੋਸ਼ ਲਾਇਆ। ਇਸ ਵਿਚਕਾਰ ਚੀਨ ਦੇ ਸਰਕਾਰੀ ਮੀਡੀਆ ਨੇ Dutton ਦੀ ਕਥਿਤ ‘ਚੀਨ ਦੀ ਧਮਕੀ’ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਲਈ ਆਲੋਚਨਾ ਕੀਤੀ ਹੈ।

ਗਲੋਬਲ ਟਾਈਮਜ਼ ਨੇ Dutton ’ਤੇ ‘ਜੰਗੀ ਨਗਾਰਾ’ ਵਜਾਉਣ ਅਤੇ ਨਿੱਜੀ ਫਾਇਦੇ ਲਈ ਇਸ ਮੁੱਦੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ, ਜਦਕਿ ਆਸਟ੍ਰੇਲੀਆ-ਚੀਨ ਸਬੰਧਾਂ ’ਤੇ Albanese ਦੇ ਸੰਤੁਲਿਤ ਰੁਖ ਦੀ ਪ੍ਰਸ਼ੰਸਾ ਕੀਤੀ ਹੈ। ਲੇਖ ਵਿਚ ਇਸ ਚੀਨੀ ਜਹਾਜ਼ ਨੂੰ ‘ਗੈਰਨੁਕਸਾਨਦੇਹ ਖੋਜੀ ਜਹਾਜ਼’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਆਸਟ੍ਰੇਲੀਆ ’ਚ ਇਸ ਨੂੰ ‘ਜਾਸੂਸੀ ਜਹਾਜ਼’ ਵਜੋਂ ਪੇਸ਼ ਕੀਤਾ ਗਿਆ ਹੈ।