ਮੈਲਬਰਨ : ਕੁਈਨਜ਼ਲੈਂਡ ਦੇ ਪਹਿਲਾਂ ਤੋਂ ਹੀ ਭਿੱਜੇ ਹੋਏ ਕੈਚਮੈਂਟ ਖੇਤਰਾਂ ਵਿੱਚ ਹੋਰ ਮੀਂਹ ਪੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਦੇਸ਼ ਦੇ 3000 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਬਿਊਰੋ ਦੇ ਸੀਨੀਅਰ ਮੌਸਮ ਵਿਗਿਆਨੀ Angus Hines ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਪੂਰੇ ਸਟੇਟ ’ਚ, ਹੁਣ ਕਮਜ਼ੋਰ ਪੈ ਗਏ, ਚੱਕਰਵਾਤੀ ਤੂਫਾਨ Dianne ਦੇ ਅਸਰ ਕਾਰਨ 50 ਮਿਲੀਮੀਟਰ ਜਾਂ ਇਸ ਤੋਂ ਜ਼ਿਆਦਾ ਮੀਂਹ ਪਵੇਗਾ।
ਉਨ੍ਹਾਂ ਕਿਹਾ ਕਿ ਮੱਧ ਅਤੇ ਵੈਸਟ ਕੁਈਨਜ਼ਲੈਂਡ ਲਈ ਆਉਣ ਵਾਲੇ ਦਿਨਾਂ ਅਤੇ ਹਫਤਿਆਂ ਤੱਕ ਹੜ੍ਹਾਂ ਦਾ ਅਸਰ ਰਹੇਗਾ। ਨਦੀ ਦਾ ਹੜ੍ਹ ਇੰਨਾ ਵਿਆਪਕ ਹੈ ਕਿ ਇਹ ਸਟੇਟ ਦੇ ਗੁਆਂਢ ’ਚ ਨੌਰਦਰਨ ਟੈਰੀਟਰੀ ਅਤੇ ਨੌਰਥ ਨਿਊ ਸਾਊਥ ਵੇਲਜ਼ ਵਿੱਚ ਵੀ ਵਧ ਰਿਹਾ ਹੈ। ਕੁਈਨਜ਼ਲੈਂਡ ਦੇ ਈਸਟ ’ਚ ਮੈਰੀ ਅਤੇ ਨੂਸਾ ਨਦੀਆਂ ’ਚ ਵੀ ਹੜ੍ਹ ਆ ਰਿਹਾ ਹੈ, ਹਾਲਾਂਕਿ ਪਾਣੀ ਦੇ ਪੱਧਰ ’ਚ ਕਮੀ ਆ ਰਹੀ ਹੈ।