ਕੁਈਨਜ਼ਲੈਂਡ ’ਚ ਹੜ੍ਹ, WA ’ਚ ਤੂਫ਼ਾਨ ਅਤੇ NSW ’ਚ ਭਾਰੀ ਮੀਂਹ

ਮੈਲਬਰਨ : ਵੈਸਟ ਕੁਈਨਜ਼ਲੈਂਡ ਦੇ ਵਸਨੀਕ ਹੜ੍ਹ ਦੀ ਐਮਰਜੈਂਸੀ ਨਾਲ ਜੂਝ ਰਹੇ ਹਨ। 100 ਤੋਂ ਵੱਧ ਘਰ ਪਾਣੀ ਵਿੱਚ ਡੁੱਬ ਗਏ ਹਨ ਅਤੇ ਦਰਜਨਾਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਨਦੀਆਂ ਦਾ ਪੱਧਰ 1974 ਦੇ ਹੜ੍ਹਾਂ ਨੂੰ ਪਾਰ ਕਰ ਸਕਦਾ ਹੈ। Thomson, Paroo, ਅਤੇ Warrego ਵਰਗੀਆਂ ਨਦੀਆਂ ਲਈ ਕਈ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। PM Anthony Albanese ਨੇ ਸਥਾਨਕ ਸਰਕਾਰਾਂ ਲਈ ਫੰਡ ਅਤੇ ਪਸ਼ੂਆਂ ਦੇ ਚਾਰੇ ਲਈ 2.5 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਚੱਕਰਵਾਤੀ ਤੂਫਾਨ Dianne ਅੱਜ ਸਵੇਰੇ 5 ਵਜੇ ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਪਹੁੰਚ ਗਿਆ। ਤੂਫ਼ਾਨ Broome ਤੋਂ ਲਗਭਗ 200 ਕਿਲੋਮੀਟਰ ਉੱਤਰ-ਪੂਰਬ ਵਿੱਚ Derby ਦੇ ਛੋਟੇ ਜਿਹੇ ਕਸਬੇ ਤੋਂ ਲੰਘਣ ਲਈ ਤਿਆਰ ਹੈ। ਜਦਕਿ NSW ਵਿੱਚ, ਮੌਸਮ ਵਿਗਿਆਨ ਬਿਊਰੋ ਨੇ ਸਿਡਨੀ ਦੇ ਆਸ ਪਾਸ ਅਤੇ ਸਟੇਟ ਦੇ ਨੌਰਥ ਵਿੱਚ ਦਿਨ ਦੇ ਜ਼ਿਆਦਾਤਰ ਸਮੇਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।