ਮੈਲਬਰਨ : ਭਾਰਤ ਦੀ ਲੋਕ ਸਭਾ ਨੇ ਇਮੀਗਰੇਸ਼ਨ ਐਂਡ ਫੌਰਨਰਜ਼ ਬਿੱਲ, 2025 ਪਾਸ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਵਿਦੇਸ਼ੀਆਂ ਦਾ ਸਵਾਗਤ ਹੈ ਪਰ ਜਿਹੜੇ ਲੋਕ ਸੁਰੱਖਿਆ ਲਈ ਖ਼ਤਰਾ ਹੋਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਿੱਲ ’ਤੇ ਚਰਚਾ ਦਾ ਜਵਾਬ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਸ ਨੂੰ ‘ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ’ ਦੀ ਨੀਤੀ ਹੇਠ ਲਿਆਂਦਾ ਗਿਆ ਹੈ ਅਤੇ ਇਹ ਗ਼ੈਰਕਾਨੂੰਨੀ ਇਮੀਗਰੈਂਟਸ ਨੂੰ ਦੇਸ਼ ਤੋਂ ਬਾਹਰ ਰੱਖਣਾ ਯਕੀਨੀ ਕਰੇਗਾ, ਜਦਕਿ ਕਾਨੂੰਨੀ ਇਮੀਗਰੇਸ਼ਨ ਨੂੰ ਆਸਾਨ ਬਣਾਵੇਗਾ। ਉਨ੍ਹਾਂ ਕਿਹਾ, ‘‘ਇਹ ਦੇਸ਼ ਹੈ, ਧਰਮਸ਼ਾਲਾ ਨਹੀਂ… ਲੋਕ ਇੱਥੇ ਕੋਈ ਵੀ ਬਹਾਨਾ ਬਣਾ ਕੇ ਹਮੇਸ਼ਾ ਲਈ ਨਹੀਂ ਰਹਿ ਸਕਦੇ। ਜੋ ਇੱਥੇ ਆ ਕੇ ਸਾਡੇ ਦੇਸ਼ ਨੂੰ ਸਮਰਿੱਧ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਵਾਗਤ ਹੈ ਪਰ ਜੋ ਸਾਡੀ ਸੁਰੱਖਿਆ ਲਈ ਖ਼ਤਰਾ ਹਨ ਉਹ ਨਹੀਂ।’’ ਇਹ ਬਿੱਲ ਬੰਗਲਾਦੇਸ਼ ਤੋਂ ਘੁਸਪੈਠ ਅਤੇ ਭਾਰਤ ਵਿਚ ਰੋਹਿੰਗਿਆ ਦੀ ਮੌਜੂਦਗੀ ਨੂੰ ਲੈ ਕੇ ਰਾਜਨੀਤਿਕ ਬਹਿਸ ਦੇ ਸਿਖਰ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ‘ਤੇ ਰੋਕ ਲਗਾਏਗਾ।
ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਪੇਸ਼ ਕਈ ਸੋਧਾਂ ਨੂੰ ਨਕਾਰ ਦਿੱਤਾ ਗਿਆ ਅਤੇ ਬਿੱਲ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ। ਸ਼ਾਹ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਤੇ ਅਰਥਚਾਰੇ ਦੀ ਮਜ਼ਬੂਤੀ, ਮੈਨੂੰਫੈਕਚਰਿੰਗ ਤੇ ਵਪਾਰ ਨੂੰ ਹੱਲਾਸ਼ੇਰੀ ਦੇਣ, ਸਿੱਖਿਆ ਪ੍ਰਣਾਲੀ ਲਈ ਆਲਮੀ ਮਾਨਤਾ ਹਾਸਲ ਕਰਨ ਲਈ ਇਹ ਬਿੱਲ ਜ਼ਰੂਰੀ ਹੈ। ਇਹ ਬਿੱਲ ਬਸਤੀਵਾਦੀ ਯੁੱਗ ਦੇ ਚਾਰ ਕਾਨੂੰਨਾਂ ਦੀ ਥਾਂ ਲਵੇਗਾ ਜੋ ਹੁਣ ਤੱਕ ਭਾਰਤ ਵਿੱਚ ਵਿਦੇਸ਼ੀਆਂ ਦੇ ਦਾਖਲੇ ਨੂੰ ਕੰਟਰੋਲ ਕਰਦੇ ਸਨ: ਵਿਦੇਸ਼ੀ ਐਕਟ, 1946; ਪਾਸਪੋਰਟ ਐਕਟ, 1920; ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ ਐਕਟ, 1939; ਅਤੇ ਇਮੀਗ੍ਰੇਸ਼ਨ ਕੈਰੀਅਰਜ਼ ਲਾਇਬਿਲਿਟੀ ਐਕਟ, 2000।
ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ ਕਿ ਇਸ ਨਾਲ ਭਾਰਤ ਦਾ ਦੌਰਾ ਕਰਨ ਵਾਲੇ ਹਰੇਕ ਵਿਦੇਸ਼ੀ ਬਾਰੇ ਤਾਜ਼ਾ ਜਾਣਕਾਰੀ ਮਿਲ ਸਕੇਗੀ। ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਹੋਈ ਚਰਚਾ ਮਗਰੋਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਮੀਗਰੇਸ਼ਨ ਵੱਖ ਵੱਖ ਮੁੱਦਿਆਂ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜਿਆ ਵਿਸ਼ਾ ਹੈ ਅਤੇ ਬਿੱਲ ਭਾਰਤ ਦਾ ਦੌਰਾ ਕਰਨ ਵਾਲੇ ਹਰੇਕ ਵਿਅਕਤੀ ਦੀ ਨਿਗਰਾਨੀ ਯਕੀਨੀ ਬਣਾਏਗਾ।
ਵਿਰੋਧੀ ਧਿਰਾਂ ਦੇ ਕਈ ਮੈਂਬਰਾਂ ਨੇ ਅਮਰੀਕਾ ਤੋਂ ਭਾਰਤੀਆਂ ਨੂੰ ਬੇੜੀਆਂ ’ਚ ਜਕੜ ਕੇ ਮੁਲਕ ਵਾਪਸ ਭੇਜੇ ਜਾਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਸਰਕਾਰ ਨੇ ਇਸ ਸਬੰਧੀ ਅਮਰੀਕਾ ਕੋਲ ਕੋਈ ਸਖ਼ਤ ਵਿਰੋਧ ਦਰਜ ਨਹੀਂ ਕਰਵਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਬਿੱਲ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਚਰਚਾ ਸ਼ੁਰੂ ਕਰਦਿਆਂ ਕਾਂਗਰਸ ਦੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੇ ‘ਆਪ’ ਆਗੂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਿੱਲ ਤਹਿਤ ਵਿਦੇਸ਼ੀਆਂ ਦੇ ਖਾਸ ਵਰਗਾਂ ਨੂੰ ਛੋਟ ਦੇਣ ਲਈ ਸਰਕਾਰ ਨੂੰ ਮਨਮਾਨੀਆਂ ਤਾਕਤਾਂ ਦਿੱਤੀਆਂ ਗਈਆਂ ਹਨ।