ਆਸਟ੍ਰੇਲੀਆ ’ਚ ਕਾਨੂੰਨ ਅਨੁਸਾਰ ਕਿਨ੍ਹਾਂ ਹਾਲਾਤ ’ਚ ਮਿਲ ਸਕਦੀ ਹੈ ਸੀਟਬੈਲਟ ਪਹਿਨਣ ਤੋਂ ਛੋਟ?

ਮੈਲਬਰਨ : ਪੂਰੇ ਆਸਟ੍ਰੇਲੀਆ ’ਚ ਥਾਂ-ਥਾਂ ਸੜਕਾਂ ’ਤੇ ਅਜਿਹੇ ਕੈਮਰੇ ਲੱਗ ਗਏ ਹਨ ਜੋ ਕਾਨੂੰਨ ਦੀ ਉਲੰਘਣਾ ਨੂੰ ਤੁਰੰਤ ਫੜ ਲੈਂਦੇ ਹਨ ਅਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਕੈਮਰੇ ਦੀ ਅੱਖ ਹੇਠ ਡਰਾਈਵਰ ਹੁਣ ਪਹਿਲਾਂ ਨਾਲੋਂ ਵੱਧ ਕਾਨੂੰਨ ਦੀ ਨਜ਼ਰ ਹੇਠ ਮਹਿਸੂਸ ਕਰਦੇ ਹਨ ਪਰ ਕਾਨੂੰਨ ’ਚ ਕੁੱਝ ਚੋਰ ਮੋਰ੍ਹੀਆਂ ਵੀ ਹਨ ਜਿਨ੍ਹਾਂ ਨਾਲ ਤੁਹਾਨੂੰ ਘੱਟ ਤੋਂ ਘੱਟ ਸੀਟਬੈਲਟ ਲਗਾਉਣ ਤੋਂ ਆਜ਼ਾਦੀ ਮਿਲ ਸਕਦੀ ਹੈ, ਪਰ ਸਿਰਫ਼ ਵਿਸ਼ੇਸ਼ ਹਾਲਾਤ ’ਚ। ਤਾਂ ਕਦੋਂ ਕਾਨੂੰਨ ਹੇਠ ਸੀਟਬੈਲਟ ਲਗਾਉਣਾ ਜ਼ਰੂਰੀ ਨਹੀਂ ਹੁੰਦਾ? ਆਓ ਵੇਖਦੇ ਹਾਂ:

ਗੱਡੀ ਰਿਵਰਸ ਕਰਦੇ ਸਮੇਂ : ਹੈਰਾਨੀਜਨਕ ਰੂਪ ’ਚ ਰੋਡ ਰੂਲਜ਼ 2014 ਅਨੁਸਾਰ ‘ਡਰਾਈਵਰ ਨੂੰ ਉਦੋਂ ਸੀਟਬੈਲਟ ਪਹਿਨਣੀ ਚਾਹੀਦੀ ਹੈ ਜਦੋਂ ਤਕ ਕਿ ਉਹ ਗੱਡੀ ਰਿਵਰਸ ਨਾ ਕਰਦਾ ਹੋਵੇ।’ ਇਸ ਦਾ ਮਤਲਬ ਹੈ ਕਿ ਸਿਰਫ਼ ਗੱਡੀ ਦਾ ਡਰਾਈਵਰ ਰਿਵਰਸ ਕਰਦੇ ਸਮੇਂ ਸੀਟਬੈਲਟ ਨਾ ਪਹਿਨੇ ਤਾਂ ਉਸ ਨੂੰ ਜੁਰਮਾਨਾ ਨਹੀਂ ਹੋ ਸਕਦਾ। ਪਰ ਇਸ ਮਤਲਬ ਇਹ ਨਹੀਂ ਕਿ ਤੁਸੀਂ ਜਿੰਨੀ ਮਰਜ਼ੀ ਦੇਰ ਗੱਡੀ ਰਿਵਰਸ ਕਰਦੇ ਰਹੋ। ਗੱਡੀ ਰਿਵਰਸ ਕਰਨ ਬਾਰੇ ਵੀ ਕਾਨੂੰਨ ਹੈ, ਜੋ ਕਹਿੰਦਾ ਹੈ ਕਿ ‘ਡਰਾਈਵਰ ਨੂੰ ਤਰਕਸੰਗਤ ਦੂਰੀ ਤੋਂ ਵੱਧ ਗੱਡੀ ਨੂੰ ਰਿਵਰਸ ਨਹੀਂ ਕਰਨਾ ਚਾਹੀਦਾ।’

ਜੇਕਰ ਤੁਹਾਡੀ ਕਾਰ ’ਚ ਫ਼ੈਕਟਰੀ ’ਚ ਹੀ ਸੀਟਬੈਲਟ ਨਾ ਲੱਗੀ ਹੋਵੇ : ਵਿਕਟੋਰੀਆ ’ਚ ਗੱਡੀਆਂ ’ਚ ਸੀਟਬੈਲਟ ਲਾਜ਼ਮੀ ਕਰਨ ਦਾ ਕਾਨੂੰਨ 1964 ਤੋਂ ਬਾਅਦ ਆਇਆ ਸੀ, ਜਦਕਿ ਪੂਰੇ ਦੇਸ਼ ਅੰਦਰ ਇਹ 1969 ’ਚ ਲਾਗੂ ਹੋਇਆ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਕਾਰ 1964 ਤੋਂ ਪਹਿਲਾਂ ਦੀ ਬਣੀ ਹੈ ਤਾਂ ਤੁਹਾਨੂੰ ਗੱਡੀ ਅੰਦਰ ਸੀਟਬੈਲਟ ਪਹਿਨਣ ਦੀ ਜ਼ਰੂਰਤ ਨਹੀਂ।

ਸੀਟਬੈਲਟ ਪਹਿਨਣ ਤੋਂ ਮੈਡੀਕਲ ਛੋਟ : ਕਾਨੂੰਨ ’ਚ ਇਹ ਵੀ ਲਿਖਿਆ ਹੈ ਕਿ ਤੁਹਾਨੂੰ ਮੈਡੀਕਲ ਆਧਾਰ ’ਤੇ ਸੀਟਬੈਲਟ ਪਹਿਨਣ ਤੋਂ ਛੋਟ ਮਿਲ ਸਕਦੀ ਹੈ। ਇਹ ਛੋਟ ਸਿਰਫ਼ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੇ ਸਕਦਾ ਹੈ। ਹਾਲਾਂਕਿ ਇਸ ਬਾਰੇ ਉਹ ਹਾਲਾਤ ਨਹੀਂ ਦੱਸੇ ਗਏ ਹਨ ਕਿ ਕਿਨ੍ਹਾਂ ਹਾਲਾਤ ’ਚ ਸੀਟਬੈਲਟ ਲਗਾਉਣ ਤੋਂ ਛੋਟ ਮਿਲ ਸਕਦੀ ਹੈ।

ਜੇਕਰ ਤੁਹਾਡਾ ਕੰਮ ਵਾਰ-ਵਾਰ ਗੱਡੀ ਨੂੰ ਰੋਕ ਕੇ ਉਤਰਨ ਵਾਲਾ ਹੋਵੇ : ਰੋਡ ਰੂਲਜ਼ ’ਚ ਇੱਕ ਗੁਪਤ ਨਿਯਮ ਇਹ ਵੀ ਹੈ ਕਿ ਜੇਕਰ ਤੁਹਾਡਾ ਕੰਮ ‘ਹਰ ਦਰਵਾਜ਼ੇ ’ਤੇ ਜਾ ਕੇ ਡਿਲੀਵਰੀ ਕਰਨ ਵਾਲਾ ਜਾਂ ਵਸਤਾਂ ਨੂੰ ਇਕੱਠਾ ਕਰਨਾ’ ਹੋਵੇ ਤਾਂ ਤੁਹਾਨੂੰ ਸੀਟਬੈਲਟ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ।