ਮੈਲਬਰਨ : ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ ਵੀ ਅਗਲੇ ਸਾਲ ਅਮਰੀਕਾ ’ਚ ਹੋਣ ਜਾ ਰਹੇ ਫ਼ੁੱਟਬਾਲ ਵਿਸ਼ਵ ਕੱਪ ’ਚ ਪਹੁੰਚਣ ਦੀ ਕਗਾਰ ’ਤੇ ਹੈ। ਕੁਆਲੀਫਾਇਰ ’ਚ ਚੀਨ ਨੂੰ 2-0 ਨਾਲ ਹਰਾਉਣ ਤੋਂ ਬਾਅਦ ਆਸਟ੍ਰੇਲੀਆਈ ਫ਼ੁੱਟਬਾਲ ਟੀਮ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਚ ਪਹੁੰਚਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। Tony Popovic ਦੀ ਅਗਵਾਈ ਵਾਲੀ ਟੀਮ ਨੇ ਕਲ ਚੀਨ ਵਿਰੁਧ ਉਨ੍ਹਾਂ ਦੇ ਦੇਸ਼ ’ਚ ਹੀ Jackson Irvine ਅਤੇ Nishan Velupillay ਦੇ ਗੋਲਾਂ ਨਾਲ ਲਗਭਗ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਜਿੱਤ ਨਾਲ ਆਸਟ੍ਰੇਲੀਆ ਦੇ ਮਾਰਚ ’ਚ 6 ’ਚੋਂ 6 ਅੰਕ ਹੋ ਗਏ ਹਨ ਅਤੇ ਉਸ ਨੇ ਵਿਸ਼ਵ ਕੱਪ ਕੁਆਲੀਫਾਇੰਗ ’ਤੇ ਆਪਣਾ ਕੰਟਰੋਲ ਬਰਕਰਾਰ ਰੱਖਿਆ ਹੈ।
ਸਾਊਦੀ ਅਰਬ ’ਤੇ ਤਿੰਨ ਅੰਕਾਂ ਦੇ ਫਰਕ ਨਾਲ ਆਸਟ੍ਰੇਲੀਆ 5 ਜੂਨ ਨੂੰ ਪਰਥ ’ਚ ਹੋਣ ਵਾਲੇ ਮੈਚ ’ਚ ਜਾਪਾਨ ਨੂੰ ਹਰਾ ਕੇ 2026 ਵਿਸ਼ਵ ਕੱਪ ’ਚ ਆਪਣੀ ਜਗ੍ਹਾ ਪੱਕੀ ਕਰ ਸਕਦਾ ਹੈ। ਹਾਲਾਂਕਿ ਜੇਕਰ ਉਹ ਜਾਪਾਨ ਤੋਂ ਹਾਰ ਵੀ ਜਾਂਦਾ ਹੈ ਤਾਂ ਵੀ ਉਸ ਕੋਲ ਵਿਸ਼ਵ ਕੱਪ ’ਚ ਜਾਣ ਦੀ ਉਮੀਦ ਬਾਕੀ ਰਹੇਗੀ। ਉਸ ਨੂੰ 10 ਜੂਨ ਨੂੰ ਸਾਊਦੀ ਅਰਬ ਨਾਲ ਡਰਾਅ ਖੇਡ ਕੇ ਵੀ ਮੌਕਾ ਮਿਲ ਸਕਦਾ ਹੈ। ਜੇਕਰ ਅਜਿਹਾ ਵੀ ਨਹੀਂ ਹੁੰਦਾ ਤਾਂ ਉਸ ਨੂੰ ਪਲੇ-ਆਫ਼ ’ਚ ਵੀ ਮੌਕਾ ਮਿਲ ਸਕਦਾ ਹੈ, ਕਿਉਂਕਿ ਵਿਸ਼ਵ ਕੱਪ ਹੁਣ 48 ਟੀਮਾਂ ਦਾ ਹੋ ਗਿਆ ਹੈ।