2032 ਬ੍ਰਿਸਬੇਨ ਓਲੰਪਿਕ ਲਈ ਸਟੇਡੀਅਮਾਂ ਦਾ ਖਾਕਾ ਤਿਆਰ, ਜਾਣੋ ਕੀ ਬਣੇਗਾ ਨਵਾਂ ਅਤੇ ਕਿਸ ਥਾਂ ਨੂੰ ਢਾਹਿਆ ਜਾਵੇਗਾ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ 2032 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਬਲੂਪ੍ਰਿੰਟ ਦਾ ਐਲਾਨ ਕਰ ਦਿੱਤਾ ਹੈ। ਪ੍ਰੀਮੀਅਰ David Crisafulli ਨੇ ਐਲਾਨ ਕਰਦਿਆਂ ਦੱਸਿਆ ਕਿ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਵਿਚ 3.8 ਬਿਲੀਅਨ ਡਾਲਰ ਦੀ ਲਾਗਤ ਨਾਲ 63,000 ਸੀਟਾਂ ਵਾਲਾ ਨਵਾਂ ਸਟੇਡੀਅਮ ਬਣਾਇਆ ਜਾਵੇਗਾ, ਜੋ ਖੇਡਾਂ ਲਈ ਮੁੱਖ ਸਥਾਨ ਵਜੋਂ ਕੰਮ ਕਰੇਗਾ। ਇਹ ਸਟੇਡੀਅਮ ਵਿਕਟੋਰੀਆ ਪਾਰਕ ਵਿਖੇ ਇੱਕ ਨਵੇਂ ਨੈਸ਼ਨਲ ਐਕੁਆਟਿਕਸ ਸੈਂਟਰ ਸਮੇਤ ਕਈ ਨਵੀਆਂ ਸਹੂਲਤਾਂ ਵਿਕਸਤ ਕਰਨ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ, ਜਿਸ ਨੂੰ ‘ਵਿਸ਼ਵ ਦਾ ਸਭ ਤੋਂ ਵਧੀਆ ਜਲ ਕੇਂਦਰ’ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ।

ਹੋਰ ਅਪਗ੍ਰੇਡਾਂ ਵਿੱਚ ਕੁਈਨਜ਼ਲੈਂਡ ਟੈਨਿਸ ਸੈਂਟਰ ਵਿੱਚ ਇੱਕ ਨਵਾਂ 3,000 ਸੀਟਾਂ ਵਾਲਾ ਸ਼ੋਅ ਕੋਰਟ ਅਰੀਨਾ ਅਤੇ 12 ਮੈਚ ਕੋਰਟ, Logan ਅਤੇ Moreton Bay ਵਿਖੇ ਨਵੇਂ ਇਨਡੋਰ ਸਪੋਰਟਸ ਸੈਂਟਰ ਅਤੇ Redlands ਵਿੱਚ ਇੱਕ ਵ੍ਹਾਈਟਵਾਟਰ ਰਾਫਟਿੰਗ ਸੈਂਟਰ ਸ਼ਾਮਲ ਹਨ। ਇਤਿਹਾਸਕ ਗਾਬਾ ਸਟੇਡੀਅਮ ਨੂੰ ਢਾਹ ਦਿੱਤਾ ਜਾਵੇਗਾ ਅਤੇ ਇਸ ਦੀ ਥਾਂ ਮਕਾਨ ਲੈਣਗੇ, ਜਦਕਿ ਬ੍ਰਿਸਬੇਨ ਸ਼ੋਅਗਰਾਊਂਡ ਐਥਲੀਟ ਵਿਲੇਜ ਹੋਵੇਗਾ।

ਇਹੀ ਨਹੀਂ ਸਰਕਾਰ ਗੁਆਂਢੀ ਗੋਲਡ ਅਤੇ ਸਨਸ਼ਾਈਨ ਕੋਸਟ ’ਤੇ ਵੀ ਖੇਡਾਂ ਦੀ ਯੋਜਨਾ ਬਣਾ ਰਹੀ ਹੈ। ਰੌਕਹੈਂਪਟਨ ਫਿਟਜ਼ਰੋਏ ਨਦੀ ’ਤੇ ਰੋਇੰਗ ਖੇਡਾਂ ਦੀ ਮੇਜ਼ਬਾਨੀ ਹੋਵੇਗੀ, ਜਦੋਂ ਕਿ ਟੂਵੂਮਬਾ ਘੋੜਸਵਾਰੀ ਦੇ ਸਮਾਗਮਾਂ ਲਈ ਨਵਾਂ ਘਰ ਬਣ ਜਾਵੇਗਾ।

ਸਨਸ਼ਾਇਨ ਕੋਸਟ ਮਾਊਂਟੇਨ ਬਾਈਕ ਸੈਂਟਰ ਮਾਊਂਟੇਨ ਬਾਈਕਿੰਗ ਅਤੇ ਕੁਦਰਤ ਅਧਾਰਤ ਮਨੋਰੰਜਨ ਗਤੀਵਿਧੀਆਂ ਦਾ ਕੇਂਦਰ ਹੋਵੇਗਾ, ਜਦੋਂ ਕਿ ਰੈਡਲੈਂਡ ਵਿਚ ਇਕ ਵ੍ਹਾਈਟਵਾਟਰ ਸੈਂਟਰ ਸਥਾਪਤ ਕੀਤਾ ਜਾਵੇਗਾ। ਗੋਲਡ ਕੋਸਟ ਵਿੱਚ ਇੱਕ ਐਥਲੀਟ ਪਿੰਡ ਹੋਵੇਗਾ ਅਤੇ ਟ੍ਰਾਈਥਲੋਨ ਦੇ ਨਾਲ ਹਾਕੀ ਦੀ ਮੇਜ਼ਬਾਨੀ ਵੀ ਕੀਤੀ ਜਾਵੇਗੀ। ਆਵਾਜਾਈ ਅਤੇ ਬੁਨਿਆਦੀ ਢਾਂਚੇ ਬਾਰੇ ਐਲਾਨ ਵੀ ਕੀਤੇ ਗਏ, ਜਿਸ ਵਿੱਚ ਬ੍ਰਿਸਬੇਨ ਅਤੇ ਸਨਸ਼ਾਈਨ ਕੋਸਟ ਨੂੰ ਜੋੜਨ ਵਾਲਾ ਇੱਕ ਨਵਾਂ ਜਨਤਕ ਆਵਾਜਾਈ ਲਿੰਕ ‘ਦ ਵੇਵ’ ਵੀ ਸ਼ਾਮਲ ਹੈ।