ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਆਉਣ ਵਾਲੇ ਬਜਟ ਵਿੱਚ 800 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਆਪਣੀ ਮਕਾਨ ਖ਼ਰੀਦਣ ’ਚ ਮਦਦ ਦੀ ਸਕੀਮ ਦਾ ਵਿਸਥਾਰ ਕਰ ਰਹੀ ਹੈ। ਹਾਊਸਿੰਗ ਮੰਤਰੀ Clare O’Neil ਨੇ ਐਲਾਨ ਕੀਤਾ ਹੈ ਕਿ ਯੋਗਤਾ ਦੇ ਮਾਪਦੰਡਾਂ ਨੂੰ ਵਿਸ਼ਾਲ ਕੀਤਾ ਜਾਵੇਗਾ, ਜਿਸ ਨਾਲ ਵਧੇਰੇ ਲੋਕਾਂ ਨੂੰ ਯੋਜਨਾ ਤੱਕ ਪਹੁੰਚ ਕਰਨ ਦੀ ਆਗਿਆ ਮਿਲੇਗੀ। ਹਾਲਾਂਕਿ ਪ੍ਰਤੀ ਸਾਲ 10,000 ਲੋਕ ਇਹ ਲਾਭ ਲੈ ਸਕਣਗੇ।
ਪ੍ਰਮੁੱਖ ਤਬਦੀਲੀਆਂ ਵਿੱਚ ਆਮਦਨ ਦੀ ਹੱਦ ’ਚ ਵਾਧਾ ਕਰ ਕੇ ਅਣਵਿਆਹੁਤਾ ਵਿਅਕਤੀਆਂ ਲਈ ਸਾਲਾਨਾ ਆਮਦਨ ਦੀ ਹੱਦ 90,000 ਡਾਲਰ ਤੋਂ 100,000 ਡਾਲਰ ਤੱਕ ਅਤੇ ਜੋੜਿਆਂ ਅਤੇ ਇਕੱਲੇ ਮਾਪਿਆਂ ਲਈ 120,000 ਡਾਲਰ ਤੋਂ 160,000 ਡਾਲਰ ਤੱਕ ਵਧੇਗੀ।
ਯੋਜਨਾ ਦੇ ਤਹਿਤ ਖਰੀਦੀਆਂ ਜਾ ਸਕਦੀਆਂ ਜਾਇਦਾਦਾਂ ਦਾ ਵੱਧ ਤੋਂ ਵੱਧ ਮੁੱਲ ਵੀ ਵਧੇਗਾ, ਜਿਸ ਵਿੱਚ ਸਿਡਨੀ ਵਿੱਚ 1.3 ਮਿਲੀਅਨ ਡਾਲਰ, ਮੈਲਬਰਨ ਵਿੱਚ 950,000 ਡਾਲਰ ਅਤੇ ਬ੍ਰਿਸਬੇਨ ਵਿੱਚ 1 ਮਿਲੀਅਨ ਡਾਲਰ ਦੀ ਨਵੀਂ ਕੀਮਤ ਹੱਦ ਨਿਰਧਾਰਤ ਕੀਤੀ ਗਈ ਹੈ।