ਵਿਕਟੋਰੀਆ ’ਚ ਸਖ਼ਤ ਜ਼ਮਾਨਤ ਵਾਲੇ ਕਾਨੂੰਨ ਪਾਸ, ਜਾਣੋ ਕੀ ਬਦਲੇਗਾ

ਮੈਲਬਰਨ : ਵਿਕਟੋਰੀਆ ਦੀ ਸੰਸਦ ਵਿੱਚ 15 ਘੰਟੇ ਦੀ ਲੰਮੀ ਬਹਿਸ ਤੋਂ ਬਾਅਦ ਸਟੇਟ ਦੇ ਨਵੇਂ ਜ਼ਮਾਨਤ ਕਾਨੂੰਨ ਪਾਸ ਕੀਤੇ ਗਏ ਹਨ। ਪ੍ਰੀਮੀਅਰ Jacinta Allan ਦਾ ਦਾਅਵਾ ਹੈ ਕਿ ਇਹ ਕਾਨੂੰਨ ਆਸਟ੍ਰੇਲੀਆ ਵਿਚ ਸਭ ਤੋਂ ਸਖਤ ਹਨ, ਜਿਨ੍ਹਾਂ ਦਾ ਉਦੇਸ਼ ਸਟੇਟ ਅੰਦਰ ਅਪਰਾਧ ਵਿਚ ਚਿੰਤਾਜਨਕ ਵਾਧੇ ਨੂੰ ਦੂਰ ਕਰਨਾ ਹੈ।

ਨਵੇਂ ਕਾਨੂੰਨਾਂ ਅਨੁਸਾਰ ਚੋਰੀ, ਘਰ ’ਤੇ ਹਮਲਾ, ਕਾਰ ਚੋਰੀ ਅਤੇ ਹਥਿਆਰਬੰਦ ਡਕੈਤੀ ਵਰਗੇ ਅਪਰਾਧਾਂ ਵਿੱਚ ਜ਼ਮਾਨਤ ਦੀਆਂ ਸ਼ਰਤਾਂ ਸਖਤ ਹੋਣਗੀਆਂ, ਮੈਜਿਸਟ੍ਰੇਟਾਂ ਨੂੰ ਹੁਣ ਬੱਚਿਆਂ ਲਈ ਰਿਮਾਂਡ ਨੂੰ ਆਖਰੀ ਉਪਾਅ ਮੰਨਣ ਦੀ ਜ਼ਰੂਰਤ ਨਹੀਂ ਹੈ, ਜ਼ਮਾਨਤ ’ਤੇ ਹੋਣ ਦੌਰਾਨ ਮੁਲਜ਼ਮ ਨੂੰ ਅਪਰਾਧ ਕਰਨ ਅਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋ ਅਪਰਾਧਾਂ ਲਈ ਤਿੰਨ ਮਹੀਨੇ ਤੱਕ ਦੀ ਕੈਦ ਦੀ ਸਜ਼ਾ ਹੋਵੇਗੀ। ਸਰਕਾਰ ਨੇ ਲੰਮੇ ਚਾਕੂਆਂ (ਮਿਸ਼ੈਟੀ) ’ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜੋ 1 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ।

ਹਾਲਾਂਕਿ ਨਵੇਂ ਕਾਨੂੰਨਾਂ ’ਤੇ ਕੋਅਲੀਜ਼ਨ ਅਤੇ ਗ੍ਰੀਨਜ਼ ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਕਾਨੂੰਨ ਓਨੇ ਸਖ਼ਤ ਨਹੀਂ ਹਲ ਜਿੰਨੇ ਹੋਣੇ ਚਾਹੀਦੇ ਹਨ ਅਤੇ ਇਹ ਆਸਟ੍ਰੇਲੀਆਈ ਦੇ ਮੂਲਵਾਸੀ ਲੋਕਾਂ ਨੂੰ ਗੈਰ-ਅਨੁਕੂਲ ਤੌਰ ’ਤੇ ਪ੍ਰਭਾਵਤ ਕਰ ਸਕਦੇ ਹਨ।