ਮੈਲਬਰਨ ’ਚ ਚਾਕੂਬਾਜ਼ੀ ਕਾਰਨ ਇੱਕ ਵਿਅਕਤੀ ਦੀ ਮੌਤ, ਹਮਲਾਵਰ ਫ਼ਰਾਰ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ ਇੱਕ ਸ਼ਾਪਿੰਗ ਸੈਂਟਰ ਦੇ ਕਾਰਪਾਰਕ ’ਚ ਹੋਈ ਚਾਕੂਬਾਜ਼ੀ ਦੀ ਇੱਕ ਘਟਨਾ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਕਰ ਰਹੀ ਪੁਲਸ ਨੂੰ ਕੱਲ੍ਹ ਰਾਤ 8:30 ਵਜੇ ਦੇ ਕਰੀਬ Lyndhurst ਵਿੱਚ ਸੁਸਾਇਟੀ ਐਵੇਨਿਊ ਨੇੜੇ ਲੜਾਈ ਦੀਆਂ ਰਿਪੋਰਟਾਂ ਮਿਲੀਆਂ ਸਨ। ਜਦੋਂ ਉਹ ਪਹੁੰਚੇ, ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹੋਇਆ ਦੇਖਿਆ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਅਫ਼ਰੀਕੀ ਦਿੱਖ ਦੇ 10 ਲੋਕ ਸ਼ਾਮਲ ਸਨ ਜੋ ਮੌਕੇ ਤੋਂ ਫਰਾਰ ਹੋ ਗਏ ਹਨ।

ਚਸ਼ਮਦੀਦ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਵੱਡੇ ਚਾਕੂ ਨੂੰ ਲੈ ਕੇ ਭੱਜਦੇ ਹੋਏ ਨੌਜੁਆਨ ਨੂੰ ਵੇਖਿਆ ਸੀ ਜੋ ਬਾਅਦ ’ਚ ਲੋਕਲ ਸੂਪਰਮਾਰਕੀਟ ’ਚ ਲੁਕ ਗਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। Clyde ਦੇ ਵਾਸੀ 24 ਸਾਲਾਂ ਦੇ ਮ੍ਰਿਤਕ ਦੀ ਪੁਲਿਸ ਨੇ ਅਜੇ ਤੱਕ ਪਛਾਣ ਜ਼ਾਹਰ ਨਹੀਂ ਕੀਤੀ ਹੈ। ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ ਹੈ, ਉਸ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।

(Photo : Nine)