ਵਾਲ ਸਟ੍ਰੀਟ ’ਚ ਹਾਹਕਾਰ ਮਗਰੋਂ ਆਸਟ੍ਰੇਲੀਆਈ ਸ਼ੇਅਰ ਬਾਜ਼ਾਰਾਂ ’ਚ ਵੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 30 ਅਰਬ ਡਾਲਰ ਦੇ ਲਗਭਗ ਡੁੱਬੇ

ਮੈਲਬਰਨ : ਅਮਰੀਕੀ ਸ਼ੇਅਰ ਬਾਜ਼ਾਰ ਵਾਲ ਸਟ੍ਰੀਟ ’ਚ ਸ਼ੇਅਰਾਂ ਦੀ ਭਾਰੀ ਵਿਕਰੀ ਤੋਂ ਬਾਅਦ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿਚ ਵੀ ਤੇਜ਼ੀ ਨਾਲ ਗਿਰਾਵਟ ਵੇਖਣ ਨੂੰ ਮਿਲੀ ਹੈ। ASX ਅੱਜ ਸਵੇਰੇ 101.6 ਅੰਕ ਡਿੱਗ ਕੇ ਖੁੱਲ੍ਹਾ, ਜਿਸ ਨਾਲ ਨਿਵੇਸ਼ਕਾਂ ਦੇ ਲਗਭਗ 30 ਅਰਬ ਡਾਲਰ ਗ਼ਾਇਬ ਹੋ ਗਏ। ਹਾਲਾਂਕਿ ਦੁਪਹਿਰ ਤਕ ਇਸ ’ਚ ਕੁੱਝ ਸੁਧਾਰ ਹੋਇਆ ਅਤੇ ਇਹ ਕਲ੍ਹ ਦੇ ਬੰਦ ਨਾਲੋਂ ਇਹ 60 ਅੰਕ ਹੀ ਘੱਟ ਚਲ ਰਿਹਾ ਸੀ। ਆਸਟ੍ਰੇਲੀਆਈ ਡਾਲਰ ਵੀ ਕਲ ਨਾਲੋਂ ਡਿੱਗ ਕੇ 62.88 ਅਮਰੀਕੀ ਸੈਂਟ ਪ੍ਰਤੀ ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਹੋਰਨਾਂ ਦੇਸ਼ਾਂ ’ਤੇ ਟੈਰਿਫ ਥੋਪੇ ਜਾਣ ਦੇ ਨਤੀਜੇ ਵੱਜੋਂ ਆਲਮੀ ਮੰਦੀ ਦੀ ਸੰਭਾਵਨਾ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਕਲ ਅਮਰੀਕੀ ਸ਼ੇਅਰ ਬਾਜ਼ਾਰ ਡਾਓ ਜੋਨਸ ਇੰਡਸਟਰੀਅਲ ਐਵਰੇਜ 890 ਅੰਕ ਡਿੱਗ ਗਿਆ ਸੀ ਅਤੇ S&P 500 2.7 ਫੀਸਦੀ ਡਿੱਗ ਗਿਆ। ਨਿਵੇਸ਼ਕ ਅਮਰੀਕੀ ਅਰਥਵਿਵਸਥਾ ’ਤੇ ਟੈਰਿਫ ਦੇ ਅਸਰਾਂ ਨੂੰ ਲੈ ਕੇ ਚਿੰਤਤ ਹਨ, ਜੋ ਪਹਿਲਾਂ ਹੀ ਕਮਜ਼ੋਰ ਹੋਣ ਦੇ ਸੰਕੇਤ ਦਿਖਾ ਰਿਹਾ ਹੈ।