ਕਮਜ਼ੋਰ ਪਿਆ Alfred ਹੁਣ ਨਹੀਂ ਰਿਹਾ ਤੂਫ਼ਾਨ, ਜੈਨਰੇਟਰ ਦਾ ਧੂੰਆਂ ਚੜ੍ਹਨ ਕਾਰਨ ਚਾਰ ਹਸਪਤਾਲ ’ਚ ਦਾਖ਼ਲ, ਇੱਕ ਵਿਅਕਤੀ ਲਾਪਤਾ

ਮੈਲਬਰਨ : ਤਮਾਮ ਭਵਿੱਖਬਾਣੀਆਂ ਝੂਠਾ ਸਾਬਤ ਕਰਦਿਆਂ Alfred ਅਜੇ ਤਕ ਜ਼ਮੀਨ ਨਾਲ ਨਹੀਂ ਟਕਰਾਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਜ਼ਮੀਨ ਤੋਂ 60 ਕੁ ਕਿਲੋਮੀਟਰ ਦੂਰ ਬ੍ਰਿਸਬੇਨ ਦੇ ਨੌਰਥ-ਈਸਟ ’ਚ ਘੁੰਮ ਰਿਹਾ ਸੀ ਅਤੇ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜ਼ਮੀਨ ਵਲ ਵਧ ਰਿਹਾ ਸੀ। ਹਾਲਾਂਕਿ ਕਮਜ਼ੋਰ ਪੈਣ ਕਾਰਨ ਸਵੇਰੇ 6 ਵਜੇ ਤੋਂ ਬਾਅਦ ਇਸ ਦਾ ਤੂਫ਼ਾਨ ਦਾ ਸਟੇਟਸ ਨਹੀਂ ਰਿਹਾ। ਹਾਲਾਂਕਿ ਤੇਜ਼ ਹਵਾਵਾਂ ਜਾਰੀ ਹਨ। ਚੇਤਾਵਨੀ ਦੇ ਪੱਧਰ ਨੂੰ ਵੀ ਘੱਟ ਕਰ ਦਿੱਤੇ ਜਾਣ ਮਗਰੋਂ ਕੁੱਝ ਲੋਕਾਂ ਨੇ ਹੁਣ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ। Coles ਅਤੇ Woolworths ਨੇ ਵੀ ਆਪਣੇ ਸਟੋਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ।

ਗੋਲਡ ਕੋਸਟ ਦੀ ਮੇਅਰ Donna Gates ਨੇ ਅੱਜ ਦੱਸਿਆ ਕਿ ਚਾਰ ਲੋਕਾਂ ਨੂੰ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇੰਜ ਲਗਦਾ ਹੈ ਕਿ ਬਿਜਲੀ ਬੰਦ ਹੋਣ ਕਾਰਨ ਉਹ ਬੰਦ ਘਰ ਅੰਦਰ ਜੈਨਰੇਟਰ ਚਲਾ ਕੇ ਬੈਠੇ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੇ ਜੇਨਰੇਟਰ ਚਲਾਉਣਾ ਹੈ ਤਾਂ ਉਹ ਇਸ ਦੇ ਧੂੰਏਂ ਦੀ ਚੰਗੀ ਤਰ੍ਹਾਂ ਨਿਕਾਸੀ ਯਕੀਨੀ ਬਣਾਉਣ। ਦੂਜੇ ਪਾਸੇ Dorrigo ’ਚ ਇੱਕ ਵਿਅਕਤੀ ਕਲ ਹੜ੍ਹ ਦੇ ਪਾਣੀ ’ਚ ਰੁੜ੍ਹ ਗਿਆ ਸੀ ਜਿਸ ਦੀ ਪੁਲਿਸ ਅਜੇ ਵੀ ਤਲਾਸ਼ ਕਰ ਰਹੀ ਹੈ, ਪਰ ਖ਼ਰਾਬ ਮੌਸਮ ਕਾਰਨ ਤਲਾਸ਼ ’ਚ ਰੁਕਾਵਟ ਪੈ ਰਹੀ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖ਼ਤ ਡਿੱਗਣ ਅਤੇ ਕਈ ਘਰਾਂ ਦੀਆਂ ਛੱਤਾਂ ਉੱਡ ਜਾਣ ਦੀ ਵੀ ਖ਼ਬਰ ਹੈ।

Energex ਦੇ ਚੀਫ਼ ਆਪਰੇਟਿੰਗ ਅਫ਼ਸਰ Paul Jordan ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਇਸ ਵੇਲੇ ਸਾਊਥ-ਈਸਟ ਕੁਈਨਜ਼ਲੈਂਡ ਦੇ 295,000 ਘਰਾਂ ’ਚ ਬਿਜਲੀ ਬੰਦ ਹੈ ਅਤੇ ਬਿਜਲੀ ਪੂਰੀ ਤਰ੍ਹਾਂ ਬਹਾਲ ਹੋਣ ’ਚ ਪੂਰਾ ਹਫ਼ਤਾ ਲੱਗ ਸਕਦਾ ਹੈ।