ਮੈਲਬਰਨ : ਗੋਲਡ ਕੋਸਟ ਦੇ ਸਮੁੰਦਰੀ ਕੰਢੇ ’ਤੇ ਤੂਫਾਨ Alfred ਨੇ ਤਬਾਹੀ ਮਚਾਈ ਹੈ ਅਤੇ ਉੱਚੀਆਂ ਲਹਿਰਾਂ ਕਾਰਨ ਬੀਚ ਤੋਂ ਬਹੁਤ ਸਾਰੀ ਰੇਤ ਗਾਇਬ ਹੋ ਗਈ ਹੈ। ਕਈ ਦਿਨਾਂ ਤੋਂ ਜਾਰੀ ਕਈ ਮੀਟਰ ਉੱਚੀਆਂ ਲਹਿਰਾਂ ਕਾਰਨ ਬੀਚ ਤੋਂ ਬਹੁਤ ਸਾਰੀ ਰੇਤ ਸੁਮੰਦਰ ’ਚ ਚਲੀ ਗਈ ਹੈ। ਪਿਛਲੇ 50 ਸਾਲਾਂ ਤੋਂ ਤੱਟ ਦੇ ਇਸ ਹਿੱਸੇ ’ਚ ਕੋਈ ਚੱਕਰਵਾਤ ਨਹੀਂ ਆਇਆ ਸੀ।
9News ਨਾਲ ਗੱਲ ਕਰਦਿਆਂ Dr. Michael Kinsela ਨੇ ਕਿਹਾ ਕਿ ਤੂਫਾਨ ਤੋਂ ਪਹਿਲਾਂ ਵਾਲੀ ਰੇਤ ਦੀ ਮਾਤਰਾ ਵਿਚ ਵਾਪਸ ਆਉਣ ਵਿਚ ਕਈ ਸਾਲ, ਇੱਥੋਂ ਤੱਕ ਕਿ ਇਕ ਦਹਾਕੇ ਤੱਕ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਰੇਤ ਦੀ ਬਹਾਲੀ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਅੱਗੇ ਕੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ’ਚ ਵੀ ਤੂਫਾਨ ਆ ਸਕਦਾ ਹੈ।
ਬੀਚ ਦੇ ਨਾਲ ਚੱਲਣ ਵਾਲੇ ਜ਼ਿਆਦਾਤਰ ਰਸਤੇ ਕਟਾਈ ਨਾਲ ਹੋਰ ਕਮਜ਼ੋਰ ਹੋ ਜਾਣ ਦਾ ਡਰ ਹੈ ਅਤੇ ਪੁਲਿਸ ਪੂਰੇ ਇਲਾਕੇ ਨੂੰ ਬੰਦ ਕਰ ਰਹੀ ਹੈ। ਬ੍ਰਿਸਬੇਨ ਨੇੜੇ ਕੁਈਨਜ਼ਲੈਂਡ ਤੱਟ ’ਤੇ 17 ਮੀਟਰ ਦੀ ਰਿਕਾਰਡ ਲਹਿਰ ਦਰਜ ਕੀਤੀ ਗਈ।