Cyclone Alfred ਦੇ ਕਾਰਨ Gold Coast ’ਤੇ ਰਿਕਾਰਡਤੋੜ ਲਹਿਰਾਂ ਦਾ ਹਮਲਾ

ਸਰਫ਼ਰਾਂ ਦੀਆਂ ਲਗੀਆਂ ਮੌਜਾਂ, ਮੌਸਮ ਵਿਭਾਗ ਨੇ ਜਾਰੀ ਕੀਤੀ ਤੂਫ਼ਾਨ ਦੇ ਜ਼ਮੀਨ ਨਾਲ ਟਕਰਾਉਣ ਦੀ ਨਵੀਂ ਭਵਿੱਖਬਾਣੀ

ਮੈਲਬਰਨ : Cyclone Alfred ਦੇ ਅਸਰ ਕਾਰਨ ਕੁਈਨਜ਼ਲੈਂਡ ਦੇ ਸਾਊਥ-ਈਸਟ ਤੱਟ ’ਤੇ ਉਚੀਆਂ ਲਹਿਰਾਂ ਨੇ ਪਹਿਲਾਂ ਤੋਂ ਹੀ ਸਮੁੰਦਰੀ ਕੰਢਿਆਂ ਦੀ ਕਟਾਈ ਕਰਨੀ ਸ਼ੁਰੁ ਕਰ ਦਿੱਤੀ ਹੈ। ਗੋਲਡ ਕੋਸਟ ’ਤੇ 12 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਰਿਕਾਰਡ ਕੀਤੀਆਂ ਗਈਆਂ ਜਿਨ੍ਹਾਂ ਨੂੰ ਪ੍ਰੀਮੀਅਰ David Crisafulli ਨੇ ਹੁਣ ਤਕ ਰਿਕਾਰਡ ਕੀਤੀਆਂ ‘ਸਭ ਤੋਂ ਉੱਚੀਆਂ’ ਲਹਿਰਾਂ ਆਖਿਆ ਹੈ। ਗੋਲਡ ਕੋਸਟ ’ਤੇ ਸਭ ਤੋਂ ਉੱਚੀ ਲਹਿਰ 12.3 ਮੀਟਰ ਦਰਜ ਕੀਤੀ ਗਈ ਹੈ। ਖਤਰਨਾਕ ਲਹਿਰਾਂ ਕਾਰਨ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਤੂਫ਼ਾਨ ਬੀਤਣ ਤੱਕ ਬੀਚ ’ਤੇ ਆਉਣ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ। ਹਾਲਾਂਕਿ ਚੇਤਾਵਨੀਆਂ ਦੇ ਬਾਵਜੂਦ, ਕੁਝ ਸਰਫਰਾਂ ਨੇ ਭਾਰੀ ਲਹਿਰਾਂ ਦਾ ਫਾਇਦਾ ਉਠਾਇਆ ਅਤੇ ਉਚੀਆਂ ਲਹਿਰਾਂ ’ਤੇ ਸਫ਼ਰ ਕਰਦੇ ਦਿਸੇ।

Gold Coast, Sunshine Coast, ਅਤੇ K’gari ’ਤੇ ਖਤਰਨਾਕ ਲਹਿਰਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। Currumbin ਵਿਚ ਇਕ ਲਹਿਰ ਦੀ ਲਪੇਟ ਵਿਚ ਆਉਣ ਨਾਲ 70 ਸਾਲ ਦੀ ਇਕ ਔਰਤ ਜ਼ਖਮੀ ਹੋ ਗਈ ਅਤੇ ਸਰਫ ਲਾਈਫ ਸੇਵਿੰਗ ਕੁਈਨਜ਼ਲੈਂਡ ਨੇ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਅਤੇ ਸਰਫ ਦੇ ਸੰਪਰਕ ਵਿਚ ਆਉਣ ਵਾਲੇ ਖੇਤਰਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

ਸਨਿਚਰਵਾਰ ਸਵੇਰੇ ਜ਼ਮੀਨ ਨਾਲ ਟਕਰਾਏਗਾ ਤੂਫ਼ਾਨ : ਮੌਸਮ ਵਿਭਾਗ

ਮੌਸਮ ਵਿਗਿਆਨ ਬਿਊਰੋ ਕੁਝ ਦਿਨਾਂ ਤੋਂ ਚੱਕਰਵਾਤ Alfred ਦੀ ਅਨੁਮਾਨਿਤ ਤੀਬਰਤਾ ਅਤੇ ਰਸਤੇ ’ਤੇ ਨਜ਼ਰ ਰੱਖ ਰਿਹਾ ਹੈ। BoM ਨੇ ਕਿਹਾ ਕਿ Alfred ਦੇ ਸ਼ੁੱਕਰਵਾਰ ਰਾਤ 11 ਵਜੇ ਤੱਕ ਸ਼੍ਰੇਣੀ 1 ਦੇ ਤੂਫਾਨ ਵਿੱਚ ਵਾਪਸ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਇਸ ਦੇ ਜ਼ਮੀਨ ਨਾਲ ਟਕਰਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਦੇ ਕੇਂਦਰ ਵਿਚ ਤਬਾਹੀ ਮਚਾਉਣ ਵਾਲੀ ਹਵਾ ਦੀ ਰਫਤਾਰ 155 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ। ਐਤਵਾਰ ਸਵੇਰ ਤੱਕ, Alfred ਦੇ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਫਿਰ ਵੀ ਇਸ ਕਾਰਨ ਭਾਰੀ ਮੀਂਹ ਅਤੇ ਸੰਭਾਵਿਤ ਹੜ੍ਹ ਆ ਸਕਦੇ ਹਨ।