ਮੈਲਬਰਨ : ਚੱਕਰਵਾਤੀ ਤੂਫਾਨ Alfred ਦੇ ਵੀਰਵਾਰ ਨੂੰ ਸਾਊਥ-ਈਸਟ ਕੁਈਨਜ਼ਲੈਂਡ ਅਤੇ ਨੌਰਥ ਨਿਊ ਸਾਊਥ ਵੇਲਜ਼ ’ਚ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਨੁਕਸਾਨਦਾਇਕ ਹਵਾਵਾਂ, ਤੇਜ਼ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਨਤੀਜੇ ਵਜੋਂ ਚੇਤਾਵਨੀ ਵਾਲੇ ਇਲਾਕਿਆਂ ’ਚ ਸਕੂਲ, ਕਾਰੋਬਾਰ ਅਤੇ ਈਵੈਂਟ ਬੰਦ ਹੋ ਰਹੇ ਹਨ ਜਾਂ ਰੱਦ ਕੀਤੇ ਜਾ ਰਹੇ ਹਨ। ਕੁਈਨਜ਼ਲੈਂਡ ਵਿਚ ਜ਼ਿਆਦਾਤਰ ਸਕੂਲ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ। ਬੰਦ ਸਕੂਲਾਂ ਦੀ ਪੂਰੀ ਸੂਚੀ ਅੱਗੇ ਦਿਤੇ ਲਿੰਕ ’ਤੇ ਵੇਖੀ ਜਾ ਸਕਦੀ ਹੈ। Emergency education facility closures
ਨੌਰਥ ਨਿਊ ਸਾਊਥ ਵੇਲਜ਼ ਵਿਚ ਵੀ 100 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਕੁਝ ਬਾਲ ਸੰਭਾਲ ਕੇਂਦਰ ਬੰਦ ਕਰ ਦਿੱਤੇ ਗਏ ਹਨ। ਜਦੋਂ ਕਿ ਕੁਝ ਯੂਨੀਵਰਸਿਟੀਆਂ ਵਿਚ ਵੀ ਪੜ੍ਹਾਈ ਬੰਦ ਹੋਣ ਦੀ ਉਮੀਦ ਹੈ। ਹਸਪਤਾਲਾਂ ’ਚ ਗ਼ੈਰ-ਅੇਮਰਜੈਂਸੀ ਸਰਜਰੀਆਂ ਵੀ ਰੋਕ ਦਿੱਤੀਆਂ ਗਈਆਂ ਹਨ।
AFL ਅਤੇ NRL ਖੇਡਾਂ ਸਮੇਤ ਖੇਡ ਸਮਾਗਮਾਂ ਨੂੰ ਤਬਦੀਲ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ। ਭਾਈਚਾਰਕ ਸਮਾਗਮ, ਸਥਾਨਕ ਬਾਜ਼ਾਰ ਅਤੇ ਸੰਗੀਤ ਸਮਾਰੋਹ ਵੀ ਰੱਦ ਕਰ ਦਿੱਤੇ ਗਏ ਹਨ। ਕਈ ਕਾਰੋਬਾਰ, ਕੌਂਸਲ ਲਾਇਬ੍ਰੇਰੀਆਂ ਅਤੇ ਕਮਿਊਨਿਟੀ ਸਹੂਲਤਾਂ ਵੀਰਵਾਰ ਤੋਂ ਬੰਦ ਹੋ ਜਾਣਗੀਆਂ। ਹਵਾਈ ਅੱਡੇ ਖੁੱਲ੍ਹੇ ਹਨ, ਪਰ ਏਅਰਲਾਈਨਾਂ ਨੇ ਯਾਤਰੀਆਂ ਨੂੰ ਸੂਚਿਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਬੱਸਾਂ ਅਤੇ ਫੈਰੀਆਂ ਸਮੇਤ ਜਨਤਕ ਆਵਾਜਾਈ ਸੇਵਾਵਾਂ ਰੁਕ ਗਈਆਂ ਹਨ ਜਾਂ ਦੇਰੀ ਨਾਲ ਚਲ ਰਹੀਆਂ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਡੇਟਾਂ ਵੇਖਦੇ ਰਹਿਣ ਅਤੇ ਸੜਕਾਂ ਬੰਦ ਹੋਣ ਅਤੇ ਰੁਕਾਵਟਾਂ ਲਈ ਤਿਆਰ ਰਹਿਣ।
ਕਿਹੜੇ ਇਲਾਕਿਆਂ ਨਾਲ ਟਕਰਾਏਗਾ ਤੂਫ਼ਾਨ?
ਤੂਫਾਨ ਦੇ ਸਾਊਥ-ਈਸਟ ਕੁਈਨਜ਼ਲੈਂਡ ਤੱਟ ਅਤੇ ਨੌਰਥ-ਈਸਟ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਬਿਊਰੋ ਨੇ ਇਸ ਸਮੇਂ Double Island Point ਤੋਂ Grafton ਤੱਕ ਦੇ ਖੇਤਰਾਂ ਨੂੰ ‘ਚੇਤਾਵਨੀ ਜ਼ੋਨ’ ਵਜੋਂ ਸੂਚੀਬੱਧ ਕੀਤਾ ਹੈ, ਜਿਸ ਵਿੱਚ Brisbane, Gold Coast, Sunshine Coast, ਅਤੇ Byron Bay ਸ਼ਾਮਲ ਹਨ। ਹਾਲਾਂਕਿ, ਚੇਤਾਵਨੀ ਜ਼ੋਨ ਵਿੱਚ Grafton ਸ਼ਾਮਲ ਨਹੀਂ ਹੈ। K’gari ਸਮੇਤ ਕੁਈਨਜ਼ਲੈਂਡ ਦੇ Sandy Cape ਤੋਂ Double Island Point ਤੱਕ ‘ਵਾਚ ਜ਼ੋਨ’ ਮੌਜੂਦ ਹੈ। ਨੌਰਥ NSW ਸ਼ਹਿਰ Ballina ਅਤੇ Lismore ਵੀ ਚੱਕਰਵਾਤ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ, ਚੱਕਰਵਾਤ ਦੇ ਪ੍ਰਭਾਵ – ਖਾਸ ਕਰਕੇ ਤੇਜ਼ ਹਵਾਵਾਂ – ਮੌਜੂਦਾ ਸੂਚੀਬੱਧ ਖੇਤਰਾਂ ਤੋਂ ਇਲਾਵਾ ਨੇੜੇ ਇਲਾਕਿਆਂ ’ਚ ਵੀ ਵੇਖੇ ਜਾ ਸਕਦੇ ਹਨ।