ਮੈਲਬਰਨ : ਭਾਰਤੀ ਦੇ ਚੀਫ਼ ਆਫ਼ ਡਿਫ਼ੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਸੋਮਵਾਰ ਨੂੰ ਆਸਟ੍ਰੇਲੀਆ ਦੀ ਚਾਰ ਦਿਨਾਂ ਦੀ ਯਾਤਰਾ ’ਤੇ ਰਵਾਨਾ ਹੋਏ ਜਿੱਥੇ ਉਹ ਭਾਰਤ-ਪ੍ਰਸ਼ਾਂਤ ਸਮੇਤ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਦੇ ਤਰੀਕਿਆਂ ਨੂੰ ਖੋਜਣ ਲਈ ਸਿਖਰਲੇ ਆਸਟ੍ਰੇਲੀਆਈ ਫ਼ੌਜੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਗੱਲਬਾਤ ’ਚ ਆਸਟ੍ਰੇਲੀਆ ਦੇ ਰੱਖਿਆ ਬਲ ਦੇ ਪ੍ਰਮੁੱਖ ਜਨਰਲ ਐਡਮਿਰਲ ਡੇਵਿਡ ਜੌਨਸਨ, ਉਨ੍ਹਾਂ ਦੇ ਰੱਖਿਆ ਸਕੱਤਰ ਗ੍ਰੇਗ ਮੋਰੀਆਟਰੀ ਅਤੇ ਤਿੰਨਾਂ ਫ਼ੌਜਾਂ ਦੇ ਪ੍ਰਮੁੱਖ ਸ਼ਾਮਿਲ ਹੋਣਗੇ। ਜਨਰਲ ਚੌਹਾਨ ਸੱਤ ਮਾਰਚ ਤੱਕ ਆਪਣੇ ਅਧਿਕਾਰਕ ਪ੍ਰੋਗਰਾਮਾਂ ਦੌਰਾਨ ਆਸਟ੍ਰੇਲੀਆ ਦੀਆਂ ਹਥਿਆਰਬੰਦ ਫ਼ੌਜਾਂ ਦੇ ਮਈ ਫ਼ੌਜੀ ਅਦਾਰਿਆਂ ਦਾ ਦੌਰਾ ਕਰਨਗੇ।
ਭਾਰਤੀ ਰੱਖਿਆ ਮੰਤਰਾਲੇ ਦੇ ਇੱਕ ਬਿਆਨ ’ਚ ਕਿਹਾ ਗਿਆ, ‘‘ਇਹ ਯਾਤਰਾ ਦੋਹਾਂ ਦੇਸ਼ਾਂ ਵਿਚਕਾਰ ਵਧਦੇ ਸਬੰਧਾਂ ਨੂੰ ਦਰਸਾਉਂਦੀ ਹੈ ਜੋ ਵਿਆਪਕ ਰਣਨੀਤਕ ਸਾਂਝੇਦਾਰੀ ਤਹਿਤ ਸਫ਼ਾਰਤੀ ਅਤੇ ਫ਼ੌਜੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਸਾਂਝਾ ਕਰਦੇ ਹਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਵੱਧ ਸਹਿਯੋਗ ਨੂੰ ਹੱਲਾਸ਼ੇਰੀ ਦਿੰਦੇ ਹਨ।’’ ਉਹ ਆਸਟ੍ਰੇਲੀਆ ਰੱਖਿਆ ਕਾਲਜ ਦਾ ਦੌਰਾ ਵੀ ਕਰਨਗੇ ਜਿੱਥੇ ਉਹ ਹਿੰਦ-ਪ੍ਰਸ਼ਾਂਤ ਖੇਤਰ ’ਚ ਰਣਨੀਤਕ ਚੁਣੌਤੀਆਂ ’ਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ।