ਖ਼ੂਨਦਾਨ ਰਾਹੀਂ 2.4 ਮਿਲੀਅਨ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਆਸਟ੍ਰੇਲੀਆਈ ਵਿਅਕਤੀ ਦਾ ਦੇਹਾਂਤ

ਮੈਲਬਰਨ : ‘ਗੋਲਡਨ ਆਰਮ’ ਉਪਨਾਮ ਵੱਜੋਂ ਜਾਣੇ ਜਾਂਦੇ ਨਿਊ ਸਾਊਥ ਵੇਲਜ਼ (NSW) ਵਾਸੀ James Harrison (88) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। James Harrison ਦੇ ਖ਼ੂਨ ’ਚ ਦੁਰਲੱਭ ਐਂਟੀਬਾਡੀ, Anti-D, ਸੀ, ਜਿਸ ਦਾ ਪ੍ਰਯੋਗ ਅਜਿਹੀਆਂ ਗਰਭਵਤੀ ਔਰਤਾਂ ਲਈ ਦਵਾਈ ਬਣਾਉਣ ਲਈ ਕੀਤਾ ਜਾਂਦਾ ਸੀ ਜਿਨ੍ਹਾਂ ਬਾਰੇ ਖ਼ਤਰਾ ਹੁੰਦਾ ਹੈ ਕਿ ਉਨ੍ਹਾਂ ਦਾ ਖ਼ੂਨ ਆਪਣੇ ਹੀ ਨਵਜੰਮੇ ਬੱਚੇ ਲਈ ਘਾਤਕ ਸਾਬਤ ਹੋ ਸਕਦਾ ਹੈ। ਖ਼ੂਨਦਾਨ ਕਰ ਕੇ ਉਨ੍ਹਾਂ ਨੇ haemolytic disease ਨਾਮ ਬਿਮਾਰੀ ਤੋਂ 2.4 ਮਿਲੀਅਨ ਬੱਚਿਆਂ ਦੀ ਜਾਨ ਬਚਾਈ।

ਉਨ੍ਹਾਂ ਨੇ 18 ਸਾਲ ਦੀ ਉਮਰ ’ਚ ਖ਼ੂਨਦਾਨ ਕਰਨਾ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਉਹ 81 ਸਾਲ ਦੀ ਉਮਰ ਤਕ ਹਰ ਦੋ ਹਫ਼ਤਿਆਂ ਬਾਅਦ ਖ਼ੂਨਦਾਨ ਕਰਦੇ ਸਨ। ਉਨ੍ਹਾਂ ਦੀ ਮੌਤ 17 ਫ਼ਰਵਰੀ ਨੂੰ ਇੱਕ ਨਰਸਿੰਗ ਹੋਮ ’ਚ ਨੀਂਦ ਦੌਰਾਨ ਹੋ ਗਈ। 2005 ’ਚ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਜ਼ਿਆਦਾ ਪਲਾਜ਼ਮਾ ਦਾਨ ਕਰਨ ਵਾਲੇ ਵਿਅਕਤੀ ਵੱਜੋਂ ਰਿਕਾਰਡ ਬਣਾਇਆ ਸੀ। ਇਹ ਰਿਕਾਰਡ ਉਨ੍ਹਾਂ ਦੇ ਨਾਮ 2022 ਤਕ ਰਿਹਾ, ਜਿਸ ਨੂੰ ਇੱਕ ਅਮਰੀਕੀ ਵਿਅਕਤੀ ਨੇ ਤੋੜਿਆ। ਹੈਰੀਸਨ ਦੀ ਧੀ Tracey Mellowship ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਬਹੁਤ ਮਾਣ ਸੀ ਕਿ ਉਨ੍ਹਾਂ ਨੇ ਏਨੀਆਂ ਜ਼ਿੰਦਗੀਆਂ ਨੂੰ ਬਚਾਇਆ ਹੈ।