ਤੂਫਾਨ Alfred ਦੇ ਡਰੋਂ ਸੁਪਰਮਾਰਕੀਟਾਂ ਦੀਆਂ ਸ਼ੈਲਫ਼ਾਂ ਹੋਣ ਲੱਗੀਆਂ ਖ਼ਾਲੀ, ਥੋੜ੍ਹਾ ਰਹਿ ਗਿਆ ਬਚ ਕੇ ਨਿਕਲਣ ਦਾ ਸਮਾਂ

ਮੈਲਬਰਨ : ਤੂਫਾਨ Alfred ਦੇ ਸਟੇਟ ਦੇ ਸਾਊਥ-ਈਸਟ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਇਸ ਇਲਾਕਿਆਂ ’ਚ ਸੁਪਰਮਾਰਕੀਟਾਂ ਦੀਆਂ ਸ਼ੈਲਫ਼ਾਂ ਪਾਣੀ ਅਤੇ ਬਰੈੱਡ ਤੋਂ ਸੱਖਣੀਆਂ ਹੋ ਗਈਆਂ ਹਨ। ਲੋਕਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਘਰਾਂ ’ਚ ਸਟਾਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਸਰਕਾਰ ਸੂਪਰਮਾਰਕੀਟਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਰੂਰੀ ਚੀਜ਼ਾਂ ਨੂੰ ਮੁੜ ਸਟਾਕ ਕੀਤਾ ਜਾਵੇ।

ਤੂਫਾਨ ਦੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਬ੍ਰਿਸਬੇਨ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ, ਜਿਸ ਨਾਲ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਹੜ੍ਹ ਆ ਸਕਦੇ ਹਨ। ਹਾਲਾਂਕਿ ਤੂਫ਼ਾਨ ਦੇ ਸਟੀਕ ਰਸਤੇ ਦਾ ਪਤਾ ਨਹੀਂ ਹੈ ਇਸ ਲਈ ਚੇਤਾਵਨੀ Gympie ਤੋਂ ਲੈ ਕੇ Gold Coast ਤਕ ਜਾਰੀ ਕਰ ਦਿੱਤੀ ਗਈ ਹੈ। ਕੁਈਨਜ਼ਲੈਂਡ ਦੇ ਪ੍ਰੀਮੀਅਰ David Crisafulli ਨੇ ਲੋਕਾਂ ਚੇਤਾਵਨੀ ਦਿੱਤੀ ਹੈ ਕਿ ਤੂਫਾਨ Alfred ਦੇ ਸਟੇਟ ਦੇ ਸਾਊਥ-ਈਸਟ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਸੁਰੱਖਿਅਤ ਥਾਵਾਂ ’ਤੇ ਜਾਣ ਦਾ ਸਮਾਂ ਤੇਜ਼ੀ ਨਾਲ ਖਤਮ ਹੋ ਰਿਹਾ ਹੈ।

ਤੂਫ਼ਾਨ ਕਾਰਨ ਨੌਰਥ NSW ਵਿੱਚ ਵੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ 100-300 ਮਿਲੀਮੀਟਰ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਦਰਮਿਆਨੇ ਤੋਂ ਵੱਡੇ ਹੜ੍ਹ ਆ ਸਕਦੇ ਹਨ। ਸਮੁੰਦਰ ’ਚ ਉੱਚੀਆਂ ਲਹਿਰਾਂ ਅਤੇ ਖਤਰਨਾਕ ਸਰਫ ਪਹਿਲਾਂ ਹੀ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਸਰਕਾਰ ਨੇ ਲੋਕਾਂ ਲਈ Evacuation Centers ਸਥਾਪਤ ਕੀਤੇ ਗਏ ਹਨ ਜਿਨ੍ਹਾਂ ਨੂੰ ਤੂਫ਼ਾਨ ਦੇ ਖ਼ਤਰੇ ਕਾਰਨ ਘਰ ਖਾਲੀ ਕਰ ਕੇ ਨਿਕਲਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਸਾਊਥ-ਈਸਟ ਕੁਈਨਜ਼ਲੈਂਡ ਦੇ ਪ੍ਰਮੁੱਖ ਸਥਾਨਾਂ ’ਤੇ ਘਰਾਂ ’ਚ ਪਾਣੀ ਵੜਨ ਤੋਂ ਰੋਕਣ ਦੇ ਉਪਾਅ ਵੱਜੋਂ ਲਈ ਰੇਤ ਦੇ ਬੋਰੇ ਭਰਨ ਲਈ ਸੈਂਡਬੈਗਿੰਗ ਸਟੇਸ਼ਨ ਖੁੱਲ੍ਹੇ ਹਨ।

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੇਜ਼ ਹਵਾਵਾਂ ਤੋਂ ਬਚਾਅ ਲਈ ਬਾਹਰ ਪਈਆਂ ਚੀਜ਼ਾਂ ਨੂੰ ਸੁਰੱਖਿਅਤ ਕਰੋ ਬੰਨ੍ਹ ਕੇ ਰੱਖਣ। ਗਟਰਾਂ ਨੂੰ ਸਾਫ਼ ਕਰੋ, ਯਕੀਨੀ ਬਣਾਓ ਕਿ ਉਨ੍ਹਾਂ ਕੋਲ ਭੋਜਨ, ਪਾਣੀ ਅਤੇ ਬੈਟਰੀਆਂ ਹਨ ਅਤੇ ਮੌਸਮ ਵਿਗਿਆਨ ਅਤੇ ਸਥਾਨਕ ਖ਼ਬਰਾਂ ਤੋਂ ਸੂਚਿਤ ਰਹੋ।

(Photos : 9news)