ਮੈਲਬਰਨ : ਮੈਲਬਰਨ ’ਚ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਟਰਾਇਲ ਨੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ’ਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਸਰਕਾਰ ਦੀ ਕਲਾਸਰੂਮਾਂ ’ਚ ਅਪਰਾਧਾਂ ਦੀ ਸਜ਼ਾ ਭੁਗਤ ਰਹੇ ਘੱਟ ਤੋਂ ਘੱਟ 50 ਨੌਜਵਾਨਾਂ ਨੂੰ ਐਂਕਲ ਬ੍ਰੈਸਲੇਟ ਪਹਿਨ ਕੇ ਭੇਜਣ ਦੀ ਯੋਜਨਾ ਤੋਂ ਉਹ ਹੈਰਾਨ-ਪ੍ਰੇਸ਼ਾਨ ਹਨ। ਇਸ ਟਰਾਇਲ ਦੀ ਸ਼ੁਰੂਆਤ ਅਪ੍ਰੈਲ ’ਚ ਹੋਣੀ ਹੈ, ਜਿਸ ਦਾ ਉਦੇਸ਼ ਸਿੱਖਿਆ ਦੇ ਜ਼ਰੀਏ ਵਾਰ-ਵਾਰ ਅਪਰਾਧ ਕਰਨ ਵਾਲਿਆਂ ’ਚ ਸੁਧਾਰ ਕਰਨਾ ਹੈ। ਹਾਲਾਂਕਿ, ਆਲੋਚਕਾਂ ਦੀ ਦਲੀਲ ਹੈ ਕਿ ਇਹ ਕਦਮ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨਾਲ ਸਮਝੌਤਾ ਕਰਦਾ ਹੈ, ਅਤੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ’ਤੇ ਵਾਧੂ ਦਬਾਅ ਪਾਉਂਦਾ ਹੈ।
ਵਿਰੋਧੀ ਧਿਰ ਨੇ ਇਸ ਯੋਜਨਾ ਦੀ ਸਖ਼ਤ ਆਲੋਚਨਾ ਕੀਤੀ ਹੈ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਸਖ਼ਤ ਜਾਂਚ ਤੋਂ ਬਾਅਦ ਹੀ ਸਿਰਫ਼ ਅਜਿਹੇ ਅਪਰਾਧੀਆਂ ਨੂੰ ਕਲਾਸਾਂ ’ਚ ਭੇਜਿਆ ਜਾਵੇਗਾ ਜੋ ਖ਼ੁਦ ’ਚ ਸੁਧਾਰ ਕਰ ਸਕਦੇ ਹਨ।
ਦਰਅਸਲ, Les Twentymen Foundation ਵਰਗੀਆਂ ਸੰਸਥਾਵਾਂ ਨੇ ਮੈਲਬਰਨ ਦੇ ਸਕੂਲਾਂ ਵਿੱਚ ਜ਼ਮਾਨਤ ’ਤੇ ਚੱਲ ਰਹੇ ਨੌਜਵਾਨਾਂ ਸਮੇਤ ਨਾਬਾਲਗਾਂ ਦੀ ਮਦਦ ਕਰਨ ਵਿੱਚ ਮਹੱਤਵਪੂਰਣ ਸਫਲਤਾ ਵੇਖੀ ਹੈ। ਫਾਊਂਡੇਸ਼ਨ ਦੇ CEO, Paul Bourke ਨੇ ਨੋਟ ਕੀਤਾ ਕਿ ਲਗਭਗ 80٪ ਨੌਜਵਾਨ ਜਿਨ੍ਹਾਂ ਨਾਲ ਉਹ ਕੰਮ ਕਰਦੇ ਹਨ, ਉਨ੍ਹਾਂ ਦਾ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਕੋਈ ਹੋਰ ਸੰਪਰਕ ਨਹੀਂ ਹੈ। ਹਾਲਾਂਕਿ, ਸਰਕਾਰ ਦੇ ਯੁਵਾ ਅਪਰਾਧ ਰੋਕਥਾਮ ਪ੍ਰੋਗਰਾਮ ਵਿੱਚ ਦੁਬਾਰਾ ਅਪਰਾਧ ਕਰਨ ਵਿੱਚ ਸਿਰਫ 29٪ ਦੀ ਕਮੀ ਵੇਖੀ ਗਈ ਹੈ, ਜਿਸ ਨਾਲ ਟਰਾਇਲ ਦੇ ਅਸਰਦਾਰ ਹੋਣ ਬਾਰੇ ਸਵਾਲ ਖੜ੍ਹੇ ਹੋਏ ਹਨ।