ਵਿਕਟੋਰੀਆ ’ਚ ਮੈਡੀਸਨਲ ਕੈਨਾਬਿਸ ਦੇ ਪ੍ਰਯੋਗਕਰਤਾਵਾਂ ਲਈ ਰਾਹਤ ਭਰੀ ਖ਼ਬਰ, ਹੁਣ ਲਾਇਸੈਂਸ ਕੈਂਸਲ ਹੋਣ ਦੇ ਡਰ ਤੋਂ ਬਗੈਰ ਕਰ ਸਕਣਗੇ ਡਰਾਈਵਿੰਗ

ਮੈਲਬਰਨ : ਵਿਕਟੋਰੀਆ ’ਚ ਦਵਾਈ ਵੱਜੋਂ ਭੰਗ (ਮੈਡੀਸਨਲ ਕੈਨਾਬਿਸ) ਦਾ ਪ੍ਰਯੋਗ ਕਰਨ ਵਾਲਿਆਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਡਰੱਗ ਜਾਂਚ ’ਚ ਪਾਜ਼ੇਟਿਵ ਪਾਏ ਜਾਣ ’ਤੇ ਉਨ੍ਹਾਂ ਦਾ ਲਾਇਸੈਂਸ ਖ਼ੁਦ-ਬ-ਖ਼ੁਦ ਰੱਦ ਨਹੀਂ ਹੋ ਜਾਵੇਗਾ। ਇਸ ਦੀ ਬਜਾਏ, ਉਨ੍ਹਾਂ ਕੋਲ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਹੋਵੇਗਾ, ਅਤੇ ਮੈਜਿਸਟ੍ਰੇਟ ਫੈਸਲਾ ਕਰਨਗੇ ਕਿ ਉਨ੍ਹਾਂ ਦੇ ਲਾਇਸੈਂਸ ਨੂੰ ਅਯੋਗ ਠਹਿਰਾਉਣਾ ਹੈ ਜਾਂ ਨਹੀਂ।

ਇਹ ਤਬਦੀਲੀ ਮੈਡੀਸਨਲ ਕੈਨਾਬਿਸ ਦੇ ਪ੍ਰਯੋਗਕਰਤਾਵਾਂ ਲਈ ਵੱਡੀ ਜਿੱਤ ਹੈ। 2016 ਤੋਂ ਲੈ ਕੇ ਹੁਣ ਤੱਕ 1.8 ਮਿਲੀਅਨ ਤੋਂ ਵੱਧ ਵਾਰੀ ਡਾਕਟਰ ਮੈਡੀਸਨਲ ਕੈਨਾਬਿਸ ਲਿਖ ਚੁਕੇ ਹਨ। 1 ਮਾਰਚ ਤੋਂ ਡਰਾਈਵਰ ਆਪਣੇ ਕੇਸ ਦਾ ਸਮਰਥਨ ਕਰਨ ਲਈ ਅਦਾਲਤ ਵਿੱਚ ਡਾਕਟਰ ਵੱਲੋਂ ਲਿਖੀ ਮੈਡੀਸਨਲ ਕੈਨਾਬਿਸ ਦੀ ਪਰਚੀ ਵਿਖਾ ਸਕਦੇ ਹਨ ਅਤੇ ਲਾਇਸੈਂਸ ਰੱਦ ਹੋਣ ਤੋਂ ਬਚਾ ਸਕਦੇ ਹਨ। ਸਰਕਾਰ ਨੇ ਡਰਾਈਵਿੰਗ ’ਤੇ ਭੰਗ ਦੇ ਅਸਰਾਂ ਨੂੰ ਮਾਪਣ ਲਈ ਖੋਜ ਵਿੱਚ 4.9 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।