2024 ’ਚ ਤਿੰਨ ਦੇਸ਼ਾਂ ਨੇ ਆਸਟ੍ਰੇਲੀਆ ’ਚ ਰਹਿ ਰਹੇ ਆਪਣੇ ਆਲੋਚਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ : ASIO

ਮੈਲਬਰਨ : ਆਸਟ੍ਰੇਲੀਆ ਦੇ ਜਾਸੂਸੀ ਮੁਖੀ Mike Burgess ਨੇ ਖੁਲਾਸਾ ਕੀਤਾ ਹੈ ਕਿ ਘੱਟੋ ਘੱਟ ਤਿੰਨ ਵਿਦੇਸ਼ੀ ਸਰਕਾਰਾਂ ਆਸਟ੍ਰੇਲੀਆ ਵਿੱਚ ਰਹਿ ਰਹੇ ਆਪਣੇ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚਦੀਆਂ ਫੜੀਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਨਾਂ ਨਹੀਂ ਲਏ। ਇਨ੍ਹਾਂ ਸਾਜ਼ਿਸ਼ਾਂ ਵਿੱਚ ਦੋ ਵਿਅਕਤੀਆਂ ਨੂੰ ਧੋਖਾ ਦੇ ਕੇ ਕਿਸੇ ਤੀਜੇ ਦੇਸ਼ਾਂ ਦਾ ਸਫ਼ਰ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਸਨ ਜਿੱਥੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ਜਾਂ ਮਾਰ ਦਿਤਾ ਜਾਣਾ ਸੀ। ਇੱਕ ਜਣੇ ਨੂੰ ਆਸਟ੍ਰੇਲੀਆ ’ਚ ਹੀ ਮਾਰ-ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਨ੍ਹਾਂ ਸਾਜ਼ਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ। ਬਰਗੇਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸਾਜ਼ਿਸ਼ਾਂ ਨਾ ਸਿਰਫ ਵਿਅਕਤੀਆਂ ਲਈ ਖਤਰਾ ਹਨ ਬਲਕਿ ਆਸਟ੍ਰੇਲੀਆਈ ਪ੍ਰਭੂਸੱਤਾ ਅਤੇ ਇਸ ਦੇ ਨਾਗਰਿਕਾਂ ਦੀ ਆਜ਼ਾਦੀ ’ਤੇ ਵੀ ਹਮਲਾ ਹਨ।

ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ASIO) ਨੇ ਅਜਿਹੀਆਂ ਵਿਦੇਸ਼ੀ ਸਰਕਾਰਾਂ ਦੀ ਵੀ ਪਛਾਣ ਕੀਤੀ ਹੈ ਜੋ ਅਮਰੀਕਾ ਅਤੇ ਬ੍ਰਿਟੇਨ ਨਾਲ ਆਸਟ੍ਰੇਲੀਆ ਦੀ AUKUS ਭਾਈਵਾਲੀ ਦੇ ਨਾਲ-ਨਾਲ ਅਮਰੀਕਾ ਅਤੇ ਆਸਟ੍ਰੇਲੀਆ ਵਿਚ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਨੈਟਵਰਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਬਰਗੇਸ ਨੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹਿੰਸਾ ਦੇ ਵਾਧੇ ਬਾਰੇ ਵੀ ਚਿੰਤਾ ਜ਼ਾਹਰ ਕੀਤੀ, ਖ਼ਾਸਕਰ ਨੌਜਵਾਨ ਆਸਟ੍ਰੇਲੀਆਈ ਲੋਕਾਂ ਵਿੱਚ ਜੋ ਰਾਸ਼ਟਰਵਾਦੀ, ਨਵ-ਨਾਜ਼ੀ ਅਤੇ ਯਹੂਦੀ ਵਿਰੋਧੀ ਵਿਚਾਰਧਾਰਾਵਾਂ ਵੱਲੋਂ ਭੜਕਾਏ ਜਾ ਰਹੇ ‘ਨਫ਼ਰਤ ਦੇ ਜਾਲ’ ਵਿੱਚ ਫਸਾਏ ਜਾ ਰਹੇ ਹਨ।