ਮੈਲਬਰਨ : ਪਿਛਲੇ ਦਿਨੀਂ RBA ਵੱਲੋਂ ਵਿਆਜ ਰੇਟ ’ਚ ਕਟੌਤੀ ਤੋਂ ਬਾਅਦ ਅਪ੍ਰੈਲ ’ਚ ਇੱਕ ਹੋਰ ਵਿਆਜ ਰੇਟ ਕਟੌਤੀ ਦੀਆਂ ਉਮੀਦਾਂ ਮੱਠੀਆਂ ਪੈ ਗਈਆਂ ਹਨ, ਕਿਉਂਕਿ ਜਨਵਰੀ ’ਚ ਬੇਰੁਜ਼ਗਾਰੀ ਰੇਟ ’ਚ 0.1 ਫੀਸਦੀ ਦਾ ਵਾਧਾ ਹੋਇਆ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਜਨਵਰੀ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਵਿਚ 23,000 ਦਾ ਵਾਧਾ ਹੋਇਆ ਹੈ, ਜਦੋਂ ਕਿ ਰੁਜ਼ਗਾਰ ਪ੍ਰਾਪਤ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਿਚ 44,000 ਦਾ ਵਾਧਾ ਹੋਇਆ ਹੈ।
ਨੌਕਰੀ ਪ੍ਰਾਪਤ ਲੋਕਾਂ ਦੀ ਦਰ 67.3 ਪ੍ਰਤੀਸ਼ਤ ਦੀ ਨਵੀਂ ਉੱਚਾਈ ਤੱਕ ਪਹੁੰਚ ਗਈ ਜੋ ਜਨਵਰੀ 2024 ਦੇ ਪੱਧਰ ਤੋਂ ਲਗਭਗ ਪੂਰਾ ਇੱਕ ਫ਼ੀ ਸਦੀ ਵੱਧ ਹੈ। ਜ਼ਿਕਰਯੋਗ ਹੈ ਕਿ ਜਦੋਂ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਵਿਆਜ ਰੇਟ ਬਾਰੇ ਸਮੀਖਿਆ ਕੀਤੀ ਜਾਂਦੀ ਹੈ ਤਾਂ ਬੇਰੋਜ਼ਗਾਰੀ ਦੇ ਅੰਕੜਿਆਂ ਦੀ ਨੇੜਿਓਂ ਜਾਂਚ ਕੀਤੀ ਜਾਂਦੀ ਹੈ।
ਹਾਲਾਂਕਿ ਰੁਝਾਨ ਦੇ ਹਿਸਾਬ ਨਾਲ ਬੇਰੁਜ਼ਗਾਰੀ ਦਾ ਅੰਕੜਾ 4.0 ਫੀਸਦੀ ’ਤੇ ਸਥਿਰ ਰਿਹਾ। ABS ਲੇਬਰ ਸਟੈਟਿਸਟਿਕਸ ਮੁਖੀ Bjorn Jarvis ਨੇ ਕਿਹਾ ਕਿ ਇਹ ਵਾਧਾ ਆਮ ਨਾਲੋਂ ਵਧੇਰੇ ਲੋਕਾਂ ਵੱਲੋਂ ਨੌਕਰੀ ’ਤੇ ਲੱਗਣ ਦੀ ਉਡੀਕ ਕਰਨ ਦਾ ਪ੍ਰਤੀਬਿੰਬ ਹੈ ਕਿਉਂਕਿ ਉਹ ਜਨਵਰੀ ਵਿੱਚ ਨਵਾਂ ਕੰਮ ਸ਼ੁਰੂ ਕਰਨ ਜਾਂ ਕੰਮ ’ਤੇ ਵਾਪਸ ਪਰਤਣ ਦੀ ਉਡੀਕ ਕਰ ਰਹੇ ਹਨ। 2022 ਦੇ ਅੱਧ ਤੋਂ ਦੇਸ਼ ਦੀ ਬੇਰੁਜ਼ਗਾਰੀ ਦੀ ਦਰ ਹੌਲੀ ਹੌਲੀ ਵਧੀ ਹੈ।