ਵਿਕਟੋਰੀਆ ਦੇ ਆਡੀਟਰ ਜਨਰਲ ਦੀ ਰਿਪੋਰਟ ਮਗਰੋਂ ਵਿਵਾਦਾਂ ’ਚ ਘਿਰੀ Jacinta Allan ਸਰਕਾਰ, 53 ਪ੍ਰਾਜੈਕਟਾਂ ਦੀ ਲਾਗਤ ’ਚ ਹੋਇਆ 14.9 ਬਿਲੀਅਨ ਡਾਲਰ ਦਾ ਵਾਧਾ

ਮੈਲਬਰਨ : ਇਕ ਰਿਪੋਰਟ ’ਚ ਵਿਕਟੋਰੀਆ ਦੇ 50 ਤੋਂ ਜ਼ਿਆਦਾ ਵੱਡੇ ਪ੍ਰੋਜੈਕਟਾਂ ’ਤੇ ਭਾਰੀ ਲਾਗਤ ਦਾ ਖੁਲਾਸਾ ਹੋਇਆ ਹੈ। ਵਿਕਟੋਰੀਅਨ ਆਡੀਟਰ ਜਨਰਲ ਦੀ ਇਸ ਰਿਪੋਰਟ ਤੋਂ ਬਾਅਦ Jacinta Allan ਸਰਕਾਰ ਨੂੰ ਵੱਡੇ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਕਟੋਰੀਅਨ ਆਡੀਟਰ ਜਨਰਲ ਦੇ ਦਫਤਰ ਦੀ ਰਿਪੋਰਟ ਵਿਚ ਕੁੱਲ ਅਨੁਮਾਨਤ ਨਿਵੇਸ਼ ਵਿਚ 11.66 ਬਿਲੀਅਨ ਡਾਲਰ ਦਾ ਸ਼ੁੱਧ ਵਾਧਾ ਦਰਸਾਇਆ ਗਿਆ ਹੈ, ਜਦੋਂ ਕਿ 53 ਪ੍ਰਾਜੈਕਟਾਂ ਦੀ ਲਾਗਤ ਵਿਚ 14.9 ਬਿਲੀਅਲ ਡਾਲਰ ਦਾ ਵਾਧਾ ਹੋਇਆ ਹੈ।

ਪਹਿਲਾਂ ਹੀ ਬਜਟ ਸੰਕਟ ਅਤੇ ਰਿਕਾਰਡ ਕਰਜ਼ੇ ਦਾ ਸਾਹਮਣਾ ਕਰ ਰਹੇ ਸਟੇਟ ’ਚ ਇਹ ਵਿਵਾਦ ਵਿਕਟੋਰੀਆ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਬਾਰੇ ਮੌਜੂਦਾ ਚਿੰਤਾਵਾਂ ਨੂੰ ਵਧਾਉਂਦਾ ਹੈ। ਵਿਰੋਧੀ ਧਿਰ ਨੇ ਬਿਹਤਰ ਲਾਗਤ ਅਨੁਮਾਨ ਅਤੇ ਪ੍ਰੋਜੈਕਟ ਯੋਜਨਾਬੰਦੀ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਵੱਡੇ ਪ੍ਰੋਜੈਕਟਾਂ ਦੇ ਬਿਹਤਰ ਪ੍ਰਬੰਧਨ ਅਤੇ ਡਿਲੀਵਰੀ ਦੀ ਮੰਗ ਕੀਤੀ ਹੈ।

ਜਦਕਿ ਟਰਾਂਸਪੋਰਟ ਬੁਨਿਆਦੀ ਢਾਂਚਾ ਮੰਤਰੀ Gabrielle Williams ਨੇ ਅੰਕੜਿਆਂ ’ਤੇ ਵਿਵਾਦ ਕਰਦਿਆਂ ਦਾਅਵਾ ਕੀਤਾ ਕਿ ਰਿਪੋਰਟ ਵਿੱਚ ਗਲਤ ਗਣਨਾਵਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਲਾਗਤ ਵਿੱਚ ਵਾਧੇ ਅਤੇ ਸਕੋਪ ਤਬਦੀਲੀਆਂ ਵਿਚਕਾਰ ਫ਼ਰਕ ਕਰਨ ਵਿੱਚ ਅਸਫਲ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਵਿਕਲਪਕ ਅੰਕੜੇ ਜਾਂ ਸਹੀ ਅਨੁਮਾਨ ਦੇਣ ਤੋਂ ਇਨਕਾਰ ਕਰ ਦਿੱਤਾ।

ਜਿਨ੍ਹਾਂ ਪ੍ਰਾਜੈਕਟਾਂ ’ਚ ਲਾਗਤ ’ਚ ਵਾਧਾ ਹੋਇਆ ਹੈ ਉਨ੍ਹਾਂ ’ਚ Frankston Hospital Redevelopment,Car Parks for Commuters, City Loop Fire and Safety Upgrade, Melbourne Arts Precinct Transformation, North East Link – roads packages, North East Link – toll collection, Nyaal Banyul Geelong Convention and Event Centre ਅਤੇ Suburban Rail Loop East ਸ਼ਾਮਲ ਹਨ।