ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਹਮਲਾ

ਮੈਲਬਰਨ : ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ’ਚੋਂ ਇਕ ਗਰਭਵਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਨਸਲੀ ਨਫ਼ਰਤ ਦਾ ਮਾਮਲਾ ਹੋ ਸਕਦਾ ਹੈ। Pacific Epping shopping center ’ਚ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ 27 ਅਤੇ 30 ਸਾਲ ਦੀਆਂ ਔਰਤਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ, ਜਦਕਿ ਹਮਲਾਵਰ ਫ਼ਰਾਰ ਹੈ।

ਦੋ ਬੱਚਿਆਂ ਦੀ ਮਾਂ 27 ਸਾਲ ਦੀ ਇਕ ਪੀੜਤਾ ਨੂੰ ਗਰੋਸਰੀ ਦੀ ਖਰੀਦਦਾਰੀ ਕਰਦੇ ਸਮੇਂ ਹਮਲਾਵਰ ਨੇ ਇਕਦਮ ਆ ਕੇ ਥੱਪੜ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ 10 ਕੁ ਮਿੰਟ ਪਹਿਲਾਂ ਹੀ 30 ਸਾਲ ਦੀ ਇੱਕ ਔਰਤ ਦਾ ਹਿਜਾਬ ਫੜ ਲਿਆ ਗਿਆ ਅਤੇ ਪਿੱਛੇ ਤੋਂ ਉਸ ਦਾ ਗਲ ਘੁੱਟ ਦਿਤਾ ਗਿਆ ਸੀ। ਇਕ ਪੀੜਤਾ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਹਮਲੇ ਤੋਂ ਬਾਅਦ ਉਹ ਖੌਫ਼ਜ਼ਦਾ ਹੈ ਅਤੇ ਉਸ ਦੀ ਘਰ ਬਾਹਰ ਨਿਕਲਣ ਦੀ ਵੀ ਹਿੰਮਤ ਨਹੀਂ ਹੋ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਗਵਾਹਾਂ ਨੂੰ ਅੱਗੇ ਆ ਕੇ 1800 333 000 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆਈ ਨੈਸ਼ਨਲ ਇਮਾਮ ਕੌਂਸਲ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਇਸਲਾਮੋਫੋਬਿਕ ਹਮਲਿਆਂ ਨੂੰ ਗੰਭੀਰਤਾ ਨਾਲ ਲੈਣ ਨੂੰ ਯਕੀਨੀ ਬਣਾਉਣ ਲਈ ਪ੍ਰੋਟੋਕੋਲ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ।