ਸਾਲ 2025 ਦੀ ਸੁਰੂਆਤ ਘਰ-ਘਾਟ ਵੇਚ ਕੇ, ਸਵੈਜਲਾਵਤਨੀ ਸਹੇੜ ਕੇ ਅਨੇਕਾਂ ਅਸਹਿ ਅਤੇ ਅਕਹਿ ਮਾਨਸਿਕ ਅਤੇ ਸਰੀਰਕ ਕਸ਼ਟ ਸਹਾਰਦੇ ਔਕੜ ਰਾਹਾਂ ਦੇ ਪਾਂਧੀ ਬਣ ਹਜ਼ਾਰਾਂ ਲੱਖਾਂ ਪੰਜਾਬੀ ਪਿਛਲੇ ਕਈ ਦਹਾਕਿਆਂ ਤੋਂ ਸਾਮਰਾਜੀ ਮੁਲਕਾਂ ਦੀਆਂ ਬਰੂਹਾਂ ’ਤੇ ਪੁੱਜੇ। ਇੱਕ ਰੋਟੀ-ਰੋਜ਼ੀ ਖਾਤਰ ਆਪਣਾ ਸਵੈਮਾਣ ਦਾਅ ’ਤੇ ਲਗਾਉਣਾ ਪਿਆ। ਪਰ ਹੁਣ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸੈਨਿਕ ਜਹਾਜ਼ ਨੂੰ ਪੰਜਾਬ ਦੀ ਧਰਤੀ ’ਤੇ ਉਤਾਰ ਕੇ ਭਾਰਤ ਦੀ ਪ੍ਰਭੂਸਤਾ ਅਤੇ ਸਵੈਮਾਣ ਨੂੰ ਜੋ ਦਾਦਾਗਿਰੀ ਦਿਖਾਈ ਹੈ ਉਸ ਨੇ ਕੇਂਦਰ ਅਤੇ ਪੰਜਾਬ ਦੇ ਹੁਕਮਰਾਨਾਂ ਅੱਗੇ ਕਈ ਸਵਾਲ ਛੱਡੇ ਹਨ। ਪ੍ਰਵਾਸ ਇੱਕ ਕੁਦਰਤੀ ਵਰਤਾਰਾ ਹੈ। ਰਿਜ਼ਕ ਖਾਤਰ ਤਾਂ ਇਹ ਪੰਛੀ ਵੀ ਕਰਦੇ ਹਨ ਅਤੇ ਅਸੀ ਤਾਂ ਫੇਰ ਵੀ ਮਨੁੱਖ ਹਾਂ।ਪ੍ਰਵਾਸ ਦੋ ਤਰ੍ਹਾਂ ਦਾ ਵਰਤਾਰਾ ਹੈ।ਪਹਿਲਾ ਸਾਮਰਾਜੀ ਮੁਲਕ ਏਸ਼ੀਆ ਤੇ ਪਿਛੜੇ ਦੇਸ਼ਾਂ ਨੂੰ ਆਪਣੀ ਲੁੱਟ ਕਾਇਮ ਰੱਖਣ ਲਈ ਇਨ੍ਹਾਂ ਮੁਲਕਾਂ ’ਤੇ ਕਾਬਜ਼ ਹੋ ਕੇ ਰਾਜ ਕਾਇਮ ਕਰ ਕੇ ਇਨ੍ਹਾਂ ਦੇਸ਼ਾਂ ਦੇ ਆਰਥਿਕ ਸੋਮਿਆਂ ਦੀ ਲੁੱਟ ਕਰਦੇ ਰਹੇ।ਹਰ ਦੇਸ਼ ਵਿੱਚ ਬੈਠੇ ਟੁੱਕੜ ਬੋਚ ਲੋਕ ਇਨ੍ਹਾਂ ਦੀ ਜੀ ਹਜ਼ੂਰੀ ਵੀ ਕਰਦੇ ਰਹੇ ਅਤੇ ਗੈਰਤਮੰਦ ਇਨ੍ਹਾਂ ਨੂੰ ਵੰਗਾਰਦੇ ਵੀ ਰਹੇ।ਫੇਰ ਸਾਮਰਾਜੀ ਮੁਲਕਾਂ ਜਰਮਨੀ, ਜਪਾਨ, ਪੁਰਤਗਾਲ, ਇੰਗਲੈਂਡ, ਇਟਲੀ ਤੇ ਅਮਰੀਕਾ ਆਪੋ-ਆਪਣੇ ਗੁੱਟ ਬਣਾ ਕੇ ਪਹਿਲੇ ਅਤੇ ਦੂਸਰੇ ਸੰਸਾਰ ਯੁੱਧ ਵਿੱਚ ਆਪਣੇ ਹਿੱਤਾਂ ਲਈ ਲੁੱਟੇ ਜਾਣ ਵਾਲੇ ਦੇਸ਼ਾਂ ਨੂੰ ਯੁੱਧ ਵਿੱਚ ਬਾਲਣ ਦੇ ਰੂਪ ਵਿੱਚ ਵੀ ਝੋਕਦੇ ਰਹੇ।ਇਹ ਉਨ੍ਹਾਂ ਮੁਲਕਾਂ ਦਾ ਆਪਣੀਆਂ ਲੁੱਟ ਦੀਆਂ ਬਸਤੀਆਂ ਨੂੰ ਬਚਾਉਣ ਅਤੇ ਰਾਜ ਕਰਨ ਦਾ ਪ੍ਰਵਾਸ ਸੀ।ਸਧਾਰਨ ਮਨੁੱਖ ਜੋ ਆਪਣੀ ਲੁੱਟ ਹੋਣ ਕਰਕੇ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਸੀ ਉਨ੍ਹਾਂ ਕਿਰਤੀ ਲੋਕਾਂ ਲਈ ਆਪਣੇ ਪ੍ਰੀਵਾਰ ਦਾ ਗੁਜ਼ਾਰਾ ਕਰਨ ਲਈ ਜ਼ਰੂਰੀ ਲੋੜ ਬਣ ਗਿਆ ਸੀ। ਵੀਹਵੀਂ ਸਦੀ ਵਿੱਚ ਪੰਜਾਬ ਦੇ ਵਾਸੀਆਂ ਨੂੰ ਇਨ੍ਹਾਂ ਔਝੜ ਰਾਹਾਂ ਦਾ ਪਾਂਧੀ ਬਣਨਾ ਪਿਆ ਜੋ ਕਿ 1975 ਤੋਂ ਬਾਅਦ 2000 ਤੱਕ ਇੱਕ ਵਿਸ਼ੇਸ਼ ‘‘ਸਰਦਾਰੀ’’ ਦਾ ਰੁਤਬਾ ਪ੍ਰਤੀਕ ਬਣ ਗਿਆ ਸੀ।ਪੰਦਰਾਂ ਸਾਲ ਪੰਜਾਬ ਦੇ ਕਾਲੇ ਦੌਰ ਨੇ ਇਸ ਰੁਝਾਨ ਨੂੰ ਸ਼ਰਨਾਰਥੀ ਰੂਪ ਵਿੱਚ ਤੇਜ਼ ਕੀਤਾ।
ਇੱਕੀਵੀਂ ਸਦੀ ਵਿੱਚ ਜਦੋਂ ਸਤਾ ਬੇਲਰਾਮ ਹੋ ਕੇ ਹੁਕਮਰਾਨ ਨਸ਼ਿਆਂ ਦੀ ਤਜ਼ਾਰਤ ’ਤੇ ਆ ਗਏ ਅਤੇ ਇਹ ਹਰ ਤਰ੍ਹਾਂ ਦੀ ਚੋਣ ਦਾ ਹਿੱਸਾ ਬਣਨ ਲੱਗਾ ਤਾਂ ਇਸ ਨੇ ਵੀ ਕਾਲੇ ਦੌਰ ਵਾਂਗ ਪੰਜਾਬ ਦੇ ਲੱਖਾਂ ਨੌਜਵਾਨਾਂ ਦੀ ਕੁਝ ਨਵਾ ਸਿਰਜਣ ਦੀ ਥਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਰਾਖ ਦੀ ਢੇਰੀ ਬਣਾ ਦਿੱਤਾ। ਇਹ ਦੂਸਰਾ ਕਾਲਾ ਦੌਰ ਸੀ ਜਿਸ ਨੇ ਪੰਜਾਬ ਦੇ ਹਰ ਮਾਪਿਆਂ ਦੇ ਮੱਥਿਆਂ ’ਤੇ ਫਿਕਰਾਂ ਦੀ ਤ੍ਰਿਸ਼ੂਲ ਖੜੀ ਕਰ ਦਿੱਤੀ। ਉਹ ਨਿਹੱਥੇ ਸਨ ਤੇ ਨਸ਼ਿਆਂ ਦੇ ਵਣਜ ਵਿੱਚ ਹੁਕਮਰਾਨਾਂ ਦੀ ਉੱਚ ਅਧਿਕਾਰੀਆਂ ਨਾਲ ਜੋਟੀ ਪਾ ਕੇ ਧੜੱਲੇ ਨਾਲ ਇਹ ਤਜਾਰਤ ਕੀਤੀ ਜਿੰਨਾਂ ਡਰ ਅਤੇ ਸਹਿਮ ਪੈਦਾ ਕੀਤਾ ਅਤੇ ਆਪਣੇ ਪੁੱਤਰਾਂ ਨੂੰ ਨਸ਼ਿਆਂ ਤੋਂ ਹਕੂਮਤੀ ਤਸ਼ੱਦਦ ਤੋਂ ਬਚਾਉਣ ਲਈ ਪ੍ਰਵਾਸ ਦਾ ਰਾਹ ਠੀਕ ਲੱਗਿਆ।ਇਹ ਰੁਝਾਨ ਜ਼ੁਰਬਾਂ ਲੈਣ ਲੱਗਾ ਤਾਂ ਪੱਛਮੀ ਮੁਲਕਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਤਜ਼ਾਰਤੀ ਰੂਪ ਵਿੱਚ ਪੇਸ਼ ਕੀਤਾ।ਪੰਜਾਬ ਦੇ ਲਿਆਕਤ ਵੰਡਣ ਵਾਲੇ ਕਾਲਜ ਬੰਦ ਹੋ ਗਏ ਅਤੇ ਪੰਜਾਬ ਵਿੱਚ ਅੰਗਰੇਜ਼ੀ ਸਿਖਾਉਣ ਵਾਲੇ ਆਈਲੈਟਸ ਕੇਂਦਰ ਧੜਾਧੜ ਖੁੱਲ੍ਹਣ ਲੱਗੇ। ਜੇ ਕਿਸੇ ਮਹਾਨਗਰ ਵਿੱਚ 4 ਕਾਲਜ ਸਨ ਜਾਂ ਯੂਨੀਵਰਸਿਟੀ ਵੀ ਸੀ ਉੱਥੇ 10,000 ਆਈਲੈਟਸ ਸੈਂਟਰ ਘਰਾਂ ਦੇ ਚੁਬਾਰਿਆਂ ਨੂੰ ਕਾਲਜ ਬਣਾਉਣ ਲੱਗੇ।ਹੁਣ ਪੀ.ਟੀ.ਯੂ. ਦੇ ਪ੍ਰਾਈਵੇਟ ਕਾਲਜਾਂ ਵਿੱਚ ਇਨ੍ਹਾਂ ਆਈਲੈਟਸ ਸੈਂਟਰਾਂ ਵਿੱਚ ਵੀ ਰਾਜਸੀ ਲੋਕਾਂ ਦੀ,ਹੁਕਮਰਾਨਾਂ,ਅਫਸਰਾਂ ਤੇ ਬਾਬਿਆਂ ਦੀ ਵੀ ਹਿੱਸੇਦਾਰੀ ਪੈ ਗਈ।ਪਹਿਲਾਂ ਆਈਲੈਟਸ ਸੈਂਟਰਾਂ ਦੀਆਂ ਮੋਟੀਆਂ ਫੀਸਾਂ ਅਤੇ ਕਨੇਡਾ,ਇੰਗਲੈਂਡ,ਆਸਟਰੇਲੀਆ ਤੇ ਹੋਰ ਮੁਲਕਾਂ ਦੀ ਸਾਡੇ ਵਿਦਿਆਰਥੀਆਂ ਵੱਲੋਂ ਵਸੂਲੀ ਜਾਂਦੀ ਦੁੱਗਣੀ ਫੀਸ ਉਨ੍ਹਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲੱਗੀ ਅਤੇ ਬਦਲੇ ਵਿੱਚ ਪੜ੍ਹਾਈ ਤੋਂ ਬਾਅਦ ਕੁਝ ਘੰਟਿਆਂ ਦੇ ਕੰਮ ਵਿੱਚ ਸਾਡੇ ਵਿਦਿਆਰਥੀ ਪੁੱਤਰ ਉਹਨਾਂ ਮੁਲਕਾਂ ਲਈ ਸਸਤੇ ਮਜਦੂਰ ਬਣ ਗਏ।ਇਹ ਦੋਰਹੀ ਲੁੱਟ ਦਾ ਦੌਰ ਸੀ।ਜਿਸ ਨੂੰ ਮਾਪੇ ਪੁੱਤਰ ਨੂੰ ਕੰਮ ਜਾਂ ਪੀ.ਆਰ. ਮਿਲਣ ਦੀ ਆਸ ਵਿੱਚ ਸਬਰ ਦੇ ਘੁੱਟ ਵਾਂਗ ਪੀਣ ਲੱਗੇ।ਇਸ ਰੁਝਾਨ ਵਿੱਚ ਸਾਡਾ ਵਿਰਾਸਤੀ ਕਿਰਦਾਰ ਐਨਾ ਨਿੱਘਰ ਗਿਆ ਕਿ ਅਸੀਂ ਆਪਣੀਆਂ ਵੀਹ ਬਾਈ ਸਾਲ ਦੀਆਂ ਮੁਟਿਆਰ ਇੱਜ਼ਤਾਂ ਨੂੰ ਵੀ ਇਨ੍ਹਾਂ ਔਝੜ ਰਾਹਾਂ ਦੇ ਪਾਂਧੀ ਬਣਾ ਕੇ ਦਾਅ ’ਤੇ ਲਾ ਕੇ ਭੁੱਲ ਗਏ ਕਿ ਸਾਡੀਆਂ ਧੀਆਂ ਇਕੱਲੀਆਂ ਕਿਵੇਂ ਰਹਿਣਗੀਆਂ।ਪਰ ਆਈਲੈਟਸ ਕੇਂਦਰ ਨੇ ਉਨ੍ਹਾਂ ਨੂੰ ਵੀ ਪਾਟੀਆਂ ਜੀਨਾਂ ਅਤੇ ਟਾਪ ਨੇ ਏਥੇ ਹੀ ਵਿਦੇਸ਼ੀ ਪਹਿਰਾਵੇ ਦੀ ਦਿੱਖ ਨੂੰ ਪ੍ਰਵਾਨ ਕਰਨ ਦੇ ਆਦੀ ਬਣਾ ਦਿੱਤਾ।ਇਸ ਤੋਂ ਪਹਿਲਾਂ 1854 ਦਾ ਦੌਰ ਸੀ ਕਿ ਵਿਦੇਸ਼ੀ ਲਾੜਾ 52-54 ਸਾਲ ਦਾ ਹੁੰਦਾ ਸੀ ਅਤੇ ਧੀ 18-20 ਸਾਲ ਦੀ ਹੁੰਦੀ ਸੀ ਜਿਸ ਦਾ ਵਿਦੇਸ਼ ਦੀ ਹੋੜ ਵਿੱਚ ਇਸ ਬੇਜੋੜ ਤੇ ਕੋਈ ਉਜਰ ਨਹੀਂ ਸੀ।
ਇੱਕਵੀਂ ਸਦੀ ਵਿੱਚ ਸਰਕਾਰਾਂ ਨੌਜਵਾਨਾਂ ਨੂੰ ਪਬਲਿਕ ਸੈਕਟਰ ਤੋਂ ਹੱਥ ਖਿੱਚ ਕੇ ਬੇਰੁਜ਼ਗਾਰੀ ਨੂੰ ਸਮੇਟਣ ਲਈ ਇਸ ਰੁਝਾਨ ਨੂੰ ਬਿੱਲੀ ਦੇ ਭਾਗੀ ਛਿੱਕੂ ਟੁੱਟਾ ਵਾਂਗ ਬੇਫਿਕਰ ਕਰ ਦਿੱਤਾ ਕਿਉਕਿ ਹੁਣ ਬੱਝਵੇਂ ਲੋਕ ਰੋਹ ਤੋਂ ਮੈਦਾਨ ਖਾਲੀ ਹੋ ਰਿਹਾ ਸੀ।
ਜੋ ਨੌਜਵਾਨ ਆਈਲੈਟਸ ਜਾਂ ਹੋਰ ਕਿਸੇ ਹੁਨਰ ਤੋਂ ਰਹਿਤ ਸਨ ਜਾਂ ਗਰੀਬ ਸਨ ਉਹਨਾਂ ਨੇ ਚੋਰੀ ਦਾ ਗਲਤ ਰਾਹ ਅਪਣਾ ਲਿਆ ਕਿ ਉਹ ਖੁਦ ਮੂੰਹੋਂ ਬੋਲ ਕੇ ‘‘ਕਿ ਯਾਰ ਕਿਸੇ ਵੀ ਤਰ੍ਹਾਂ ਕਨੇਡਾ,ਅਮਰੀਕਾ,ਆਸਟਰੇਲੀਆ ਪਹੁੰਚਾ ਦੇਵੋ’’ ਤਾਂ ਇਸ ਕਾਲੇ ਵਣਜ ਦੇ ਥੋਕ ਵਪਾਰੀ 30 ਤੋਂ ਪੰਜਾਹ ਲੱਖ ਲੈ ਕੇ ਗਲਤ ਦਸਤਾਵੇਜਾਂ ਦੇ ਅਧਾਰ ਤੇ ਸੰਘਣੇ ਜੰਗਲਾਂ,ਕੰਡਿਆਲੀਆਂ ਤਾਰਾਂ,ਚਿੱਕੜ ਭਰੇ ਰਸਤਿਆਂ ਤੋਂ ਦੀ ਮੈਕਸੀਕੋ ਦੀ ਕੰਧ ਟਪਾਉਣ ਲੱਗੇ ਅਗਾਂਹ ਇਸ ਖੁਦ ਸਹੇੜੀ ਯਲਾਵਤਨੀ ਵਾਲੇ ਨਾਲ ਜਿਵੇਂ ਮਰਜੀ ਹੋਵੇ ਏਜੰਟਾਂ ਆਪਣੇ ਪੈਸੇ ਖਰੇ ਕਰਨ ਲੱਗੇ।ਪੂਰੇ ਪੰਦਰਾਂ ਵੀਹ ਸਾਲ ਇਸ ਰੁਝਾਨ ਨੇ ਪੰਜਾਬ ਦੀਆਂ ਗਲੀਆਂ ਕਾਲੇ ਦੌਰ ਵਾਂਗ ਜੁਆਨੀ ਤੋਂ ਸੱਖਣੀਆਂ ਕਰ ਦਿੱਤੀਆਂ।ਵਿਸ਼ਵ ਵਪਾਰ ਸੰਸਥਾ ਅਤੇ ਵਿਸ਼ਵੀਕਰਨ ਦੇ ਰੁਝਾਨ ਨੇ ਗੈਰਤ ਨਾਲ ਲੜਨ ਵਾਲੇ ਲੋਕਾਂ ਦੀ ਗਿਣਤੀ ਨੂੰ ਲੱਖਾਂ ਤੋਂ ਸੈਕੜਿਆਂ ਵਿੱਚ ਤਬਦੀਲ ਕਰ ਦਿੱਤਾ।ਜਿਸ ਸਦਕਾ ਕਿਸੇ ਵੀ ਲੋਕ ਮਾਰੂ ਰੁਝਾਨ ਨਾਲ ਟੱਕਰ ਲੈਣਾ ਪਹਾੜ ਨਾਲ ਟੱਕਰਾਂ ਮਾਰਨ ਦੇ ਬਰਾਬਰ ਹੋ ਗਿਆ।ਲਿਆਕਤ,ਸਲੀਕਾ,ਸਿਧਾਂਤ ਸੂਝ ਬੂਝ ਖੰਭ ਲਗਾ ਕੇ ਉੱਡ ਗਈ।ਪੰਜਾਬੀ ਵਿੱਚ ਅਖਾਣ ਹੈ ਕਿ ‘‘ਜਿਹੜੇ ਰੋਗ ਨਾਲ ਬੱਕਰੀ ਮਰ ਗਈ ਓਹੀ ਰੋਗ ਪਠੋਰੇ ਨੂੰ’’ਜਿਸ ਰੋਗ ਨਾਲ ਪੰਜਾਬ ਦੀ ਵਿਰਾਸਤ ਦੀ ਪਛਾਣ ਦੇ ਖੰਡਰ ਬਣਦੇ ਗਏ।ਵਿਰਾਸਤੀ ਕਿਰਦਾਰ ਦੀ ਬੁਨਿਆਦ ਬੌਧਿਕ ਚੇਤਨਤਾ ਹੁੰਦੀ ਹੈ।ਜਿਸਨੂੰ ਹੁਕਮਰਾਨਾਂ ਨੇ ਭੜਕੀਲੇ ਹਥਿਆਰਾਂ ਦੇ ਵੈਲਪੁਣੇ ਵਾਲੇ ਗੀਤਾਂ,ਨਸ਼ਿਆਂ,ਗੈਂਗਸਟਰਾਂ ਦੇ ਹਥੋੜਿਆਂ ਨਾਲ ਢਹਿ ਢੇਰੀ ਕਰ ਦਿੱਤਾ ਸੀ।ਪ੍ਰਦੇਸ਼ਾਂ ਦਾ ਆਪਣਾ ਵਿਚਰਨ ਢੰਗ ਹੈ ਅਤੇ ਇਸ ਤੋਂ ਅਣਭਿੱਜ ਖਾਂਦੇ ਪੀਦੇ ਘਰਾਂ ਦੇ ਉਹ ਨੌਜਵਾਨ ਜਿੰਨ੍ਹਾਂ ਨੂੰ ਏਥੇ ਵੀ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਘਾਟਾ ਨਹੀਂ ਸੀ ਉਹ ਵਿਦੇਸ਼ਾਂ ਵਿੱਚ ਜਾ ਕੇ ਹੁੱਲੜਬਾਜ਼ੀ ਕਰਨ ਲੱਗੇ,ਆਪਸੀ ਧੜਿਆਂ ਦਾ ਦੂਜੇ ਧੜਿਆਂ ਨਾਲ ਡਾਂਗਾ ਸੋਟਿਆਂ ਗਾਲੀ ਗਲੋਚ ਕਰਦੇ ਸਮੇਂ ਚੀਕਣਾਂ,ਗੱਡੀਆਂ ਵਿੱਚ ਚੱਕਵੇਂ ਤੇ ਗੁੰਮਰਾਹ ਕਰਨ ਵਾਲੇ ਗੀਤਾਂ ਦੀ ਉਚੀਆਂ ਅਵਾਜਾਂ ਨੇ ਉਹਨਾਂ ਲੋਕਾਂ ਨੇ ਸਾਡੇ ਤੇ ਜਾਂਗਲੀ ਅਤੇ ਅਸੱਭਿਅਤ ਹੋਣ ਦਾ ਠੱਪਾ ਲਗਾ ਦਿੱਤਾ।ਚੋਰੀਆਂ,ਕਤਲ,ਲੁੱਟਮਾਰ ਨੇ ਉਥੋਂ ਦੇ ਮੂਲ ਵਾਸੀਆਂ ਦੇ ਸਮਾਜਿਕ ਜੀਵਨ ਨੂੰ ਵਲੂੰਧਰਿਆ।ਇਸਨੇ ਵੀ ਪੱਛਮੀ ਮੁਲਕਾਂ ਦੀਆਂ ਸਲੀਕਾ ਯਾਫਤਾ ਹੁਕਮਰਾਨਾਂ ਨੂੰ ਖਹਿੜਾ ਛੁਡਾਉਣ ਦਾ ਰਾਹ ਪੱਧਰਾ ਕੀਤਾ।ਅੱਜ ਜਦੋਂ ਡੋਨਾਲਡ ਟਰੰਪ ਨੇ ਇੰਜ ਕੀਤਾ ਹੈ ਤਾਂ ਉਸਨੇ ਬੜੇ ਸ਼ਾਤਰਾਨਾ ਢੰਗ ਨਾਲ ਕਿਹਾ ਹੈ ਕਿ ਇਹ ਸਾਡੇ ਮੁਲਕ ਦੀ ਕੰਧ ਟੱਪ ਕੇ ਦਾਖਲ ਹੋਣ ਵਾਲੇ ਚੋਰ ਹਨ।ਉਪਰੋਕਤ ਕਾਰਨਾਂ ਨੂੰ ਨਜਰ ਅੰਦਾਜ਼ ਕਰਕੇ ਜਜਬਾਤੀ ਹੋ ਕੇ ਹਮਦਰਦੀ ਕਰਨਾ ਕਿ ਇਹ ਤਾਂ 50 ਲੱਖ ਲਗਾ ਕੇ ਭੇਜਿਆ ਸੀ।ਏਜੰਟ ਠੱਗੀ ਮਾਰ ਗਿਆ।ਘਰ ਪੱਟਿਆ ਗਿਆ ਆਦਿ ਆਦਿ।ਦੋਵੇਂ ਹੀ ਹਾਂ ਪੱਖੀ ਤੇ ਨਾਂਹ ਪੱਖੀ ਦਲੀਲਾਂ ਇੱਕ ਗੁੱਸਾ ਪੈਦਾ ਕਰਦੀ ਹੈ ਅਤੇ ਦੂਸਰੀ ਆਪਣੇ ਹੀ ਗਿਰੇਬਾਨ ਮੇਂ ਸਿਰ ਨੀਵਾ ਕਰ ਦੇਖ ਇਸ ਗੁੱਸੇ ਤੇ ਠੰਡਾ ਛਿੱਟਾ ਮਾਰਦੀ ਹੈ।ਪਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਕਿੱਥੇ ਥਿੜਕ ਗਏ।ਅਸੀ ਆਪਣੇ ਦੇਸ਼ ਦੇ ਸਵੈਮਾਣ ਵਾਲ ਵਸਿੰਦੇ ਹਾਂ।ਮਾਪਿਆਂ ਦੀਆਂ ਆਸਾਂ ਦਾ ਭਵਿੱਖ ਹਾਂ।ਜਿਸਨੂੰ ਅਸੀਂ ਉੱਚ ਵਿਦਿਆ,ਸਲੀਕਾ ਅਤੇ ਮਨੁੱਖੀ ਗੁਣਾਂ ਤੋਂ ਵਾਂਝੇ ਹੋ ਕੇ ਆਪਣੀ ਕਾਬਲੀਅਤ ਪੈਦਾ ਨਹੀਂ ਕਰ ਸਕੇ।ਜਿਸਨੂੰ ਗੰਦੇ ਗੀਤਾਂ,ਨਸ਼ਿਆਂ ਅਤੇ ਆਪ ਮੁਹਾਰੇਪਣ ਨੇ ਇੱਕ ਰੀਸ ਨੇ ਕਿ ਫਲਾਣਾ ਚਲਾ ਗਿਆ ਮੈਂ ਕਿਉਂ ਪਿੱਛੇ ਰਹਾਂ?ਦੀ ਭੇਡ ਚਾਲ ਨੇ ਬੌਧਿਕ ਚੇਤਨਤਾਂ ਤੋਂ ਲਾਂਭੇ ਕਰ ਦਿੱਤਾ ਕਿਉਕਿ ਅਸੀਂ ਆਈਲੈਟਸ ਨੂੰ ਹੀ ਪੀ.ਐਚ.ਡੀ ਸਮਝਣ ਲੱਗ ਪਏ।ਪਰ ਅਸੀਂ ਏਥੇ ਆਪਣੀ ਕਾਬਲੀਅਤ ਮੁਤਾਬਕ ਸਮੇਂ ਦੀਆਂ ਹਕੂਮਤਾਂ ਦੀ ਬੇਇਨਸਾਫੀ ਦਾ ਵਿਰੋਧ ਕਰਨਾ ਭੁੱਲ ਗਏ।ਘੱਟ ਗਿਣਤੀ ਵਿੱਚ ਕਾਬਲੀਅਤ ਪ੍ਰਣਾਲੀ ਵਾਲੇ ਮਾਮੂਲੀ ਉਜਰਤਾਂ ਠੇਕਾ ਪ੍ਰਣਾਲੀ (ਕੰਟਰੈਕਟ ਬੇਸ) ਦੇ ਪਿੰਜਰੇ ਵਿੱਚ ਪਾ ਲਏ ਗਏ।ਅਸੀ ਸਿਰਫ ਦਾਰੂ ਦੀ ਬੋਤਲ ਖਾਤਰ ਵੋਟ ਬਣਕੇ ਰਹਿ ਗਏ ਤੇ ਹੁਕਮਰਾਨ ਇਸ ਸੌਦੇ ਰਾਹੀਂ ਆਪਣੇ ਘਰ ਭਰਨ ਲੱਗ ਪਏ।ਸਾਡੀ ਨੌਜਵਾਨੀ ਵਿੱਚ ਇੱਕ ਖਿੱਝ ਗੁੱਸਾ,ਲੜਾਈ ਕਲੇਸ਼,ਨਸ਼ਾ ਤੇ ਅਖੀਰ ਖੁੁਦਕਸ਼ੀ ਰਹਿ ਗਈ।
ਹੁਣ ਡੋਨਾਲਡ ਟਰੰਪ ਦੇ ਇਸ ਕਦਮ ਤੋਂ ਬਾਅਦ ਦੂਸਰੇ ਪੱਛਮੀ ਦੇਸ਼ਾ ਵਿੱਚੋਂ ਨਜਾਇਜ ਢੰਗ ਨਾਲ ਦਾਖਲਾ,ਪੜਾਈ ਕਰਕੇ ਉਥੇ ਪੀ.ਆਰ ਜਾਂ ਵਰਕ ਪਰਮਟ ਲੈਣ ਦੇ ਭਵਿੱਖ ਤੇ ਸਵਾਲ ਲਗਾ ਦਿੱਤਾ ਹੈ।ਏਥੇ ਤਾਂ ਹੁਣ ਆਈਲੈਟਸ ਵਾਲੇ ਆਪਣਾ ਬੋਰੀਆ ਬਿਸਤਰਾ ਲਪੇਟ ਕੇ ਅਰਬਾਂ ਕਮਾ ਕੇ ਸੈਂਟਰ ਬੰਦ ਕਰ ਚੁੱਕੇ ਹਨ।ਦੂਸਰੇ ਪਾਸੇ ਇੰਗਲੈਂਡ,ਕਨੇਡਾ ਅਤੇ ਹੋਰ ਮੁਲਕਾਂ ਵਿੱਚੋਂ ਇਸ ਤਰ੍ਹਾਂ ਸਾਡੇ ਪੰਜਾਬੀਆਂ ਨੂੰ ਮੁਜਰਮਾਂ ਵਾਂਗ ਭੇਜਿਆ ਜਾਵੇਗਾ ਤੇ ਇਹ ਕਵਾਇਦ ਹੁਣ ਸੁਰੂ ਹੋ ਚੁੱਕੀ ਹੈ।ਜੇ ਸਾਡੇ ਮੁਲਕ ਵਿੱਚ ਹੀ ਸਾਨੂੰ ਸ਼ਾਨਦਾਰ ਰੁਜਗਾਰ ਮਿਲਦਾ ਤਾਂ ਇਹ ਜਿੱਲਤ ਪੈਦਾ ਨਹੀਂ ਸੀ ਹੋਣੀ।ਸਾਡੇ ਪੈਰਾਂ ਤੇ ਦੋ ਕੁਹਾੜੇ ਵੱਜੇ ਹਨ ਇੱਕ ਤਾਂ ਅਸੀਂ ਆਪਣੇ ਪੈਰਾਂ ਤੇ ਖੁਦ ਆਪਣੇ ਪੈਰਾਂ ਤੇ ਆਪਣੀਆਂ ਉੱਜੜ ਆਦਤਾਂ ਕਾਰਨ ਮਾਰਿਆ ਹੈ ਅਤੇ ਦੂਸਰਾ ਇਸ ਦੀ ਆੜ ਵਿੱਚ ਉਥੋਂ ਦੀਆਂ ਸਰਕਾਰਾਂ ਨੇ ਡੀਪੋਰਟੇਸ਼ਨ ਦਾ ਕੁਹਾੜਾ ਮਾਰਿਆ ਹੈ ਜਿਸਦਾ ਦਸਤਾ ਅਸੀਂ ਆਪ ਬਣ ਗਏ। 6-7 ਬੈਂਡ ਜਰੂਰ ਲੈ ਲਏ ਪਰ ਉਹਨਾਂ ਮੁਲਕਾਂ ਦਾ ਸਿਸਟਮ ਅਤੇ ਵਿਚਰਨ ਢੰਗ ਤੋਂ ਅਣਜਾਣ ਰਹੇ।ਜੇ ਇਹ ਨੌਜਵਾਨ ਕਿਸੇ ਬੌਧਿਕ ਚੇਤਨਤਾ,ਜ਼ਿੰਦਗੀ ਦੇ ਚੱਜ ਅਤੇ ਬੌਧਿਕ ਬੁਲੰਦੀ ਤੇ ਹੁੰਦੇ ਤਾਂ ਏਹਨਾਂ ਦੇ ਮਨ ਘਰੋਂ ਬੇਘਰ ਕਰਨ ਵਾਲੀਆਂ ਹਾਲਤਾਂ ਤੇ ਸਿਸਟਮ ਤੇ ਵਿਚਾਰ ਕਰਕੇ ਪਰਤਣਾ ਸੀ।ਜਿਵੇਂ ਕਿ 110 ਸਾਲ ਪਹਿਲਾ ਸਾਡੇ ਗਦਰੀ ਬਾਬੇ ਪਹੁੰਚੇ ਸਨ।
ਉਹਨਾਂ ਨੇ ਵੀ ਰੁਜ਼ਗਾਰ ਲਈ ਕਨੇਡਾ ਜਾਣਾ ਸੀ।ਕਨੇਡਾ ਦੀ ਸ਼ਰਤ ਸੀ ਕਿ ਤੁਸੀਂ ਸਿੱਧਾ ਸਮੁੰਦਰੀ ਜਹਾਜ਼ ਲੈ ਕੇ ਬਿਨਾ ਕਿਤੇ ਰੁਕਿਆਂ ਬੰਦਰਗਾਹ ਤੇ ਆਓ ਤਾਂ ਤੁਹਾਨੂੰ ਇਜਾਜਤ ਦੇ ਦੇਵਾਂਗੇ।ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜਹਾਜ਼ ਕਿਰਾਏ ਤੇ ਲਿਆ ਤੇ ਬਿਨਾ ਕਿਸੇ ਬੰਦਰਗਾਹ ਤੇ ਰੁਕੇ ਇਹ ਸ਼ਰਤ ਪੂਰੀ ਕੀਤੀ ਤਾਂ ਪੰਜਾਬੀ ਭਾਈਚਾਰੇ ਦੀਆਂ ਬੇਨਤੀਆਂ ਦੇ ਬਾਵਜੂਦ ਵੀ ਜਹਾਜ਼ ਕਈ ਮਹੀਨੇ ਖੜਾ ਰਿਹਾ ਪਰ ਅੰਗਰੇਜ ਆਪਣੇ ਵਾਅਦੇ ਤੋਂ ਮੁੱਕਰ ਗਏ ਕਿਉਕਿ 1860 ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਾਹਨ ਮੈਕਡਾਨਲਤ ਨੇ ਕਿਹਾ ਸੀ ਕਿ ‘‘ਅਸੀਂ ਕਨੇਡਾ ਨੂੰ ਅੰਗਰੇਜਾਂ ਦਾ ਮੁਲਕ ਬਣਾਉਣਾ ਚਾਹੁੰਦੇ ਹਾਂ ‘‘ਭਾਵੇ ਕਿ ਇਸ ਮਕਸਦ ਲਈ ਉਹਨਾਂ ਨੇ ਅਮਰੀਕਾ ਵਾਂਗ ਹੀ ਰੈਡ ਇੰਡੀਅਨ ਜੋ ਉੱਥੋਂ ਦੇ ਮੂਲ ਵਾਸੀ ਸਨ ਨੂੰ ਤਸੀਹੇ ਦੇ ਕੇ ਬੰਧਕ ਬਣਾ ਕੇ ਕਨੇਡਾ ਹਾਸਲ ਕੀਤੀ ਸੀ।ਜਿਵੇ ਕਿ ਆਰੀਅਨ ਲੋਕਾਂ ਨੇ ਭਾਰਤ ਦੇ ਮੂਲ ਵਾਸੀ ਦਰਾਵੜਾ ਨਾਲ ਕੀਤਾ ਸੀ।ਜਦੋਂ ਇਹ ਜਹਾਜ਼ ਕਲਕੱਤਾ ਦੀ ਬੰਦਰਗਾਹ ਤੇ ਪੁੱਜਿਆ ਤਾਂ ਅੰਗਰੇਜ ਹਕੂਮਤ ਨੇ ਗੋਲੀਆਂ ਚਲਾ ਕੇ ਏਹਨਾਂ ਪੰਜਾਬੀਆਂ ਦਾ ਕਤਲ ਕੀਤਾ।ਜਖਮੀ ਕੀਤਾ ਅਤੇ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ।ਜੇ ਡੋਨਾਲਡ ਟਰੰਪ ਦੀ ਭਾਰਤੀਆਂ ਨਾਲ ਕੀਤੇ ਸਲੂਕ ਦੀ ਤੁਲਨਾ ਕਾਮਾਗਾਟਾ ਮਾਰੂ ਨਾਲ ਕੀਤੀ ਜਾਵੇ ਤਾਂ ਇਸ ਦੀਆਂ ਕਈ ਕੜੀਆਂ ਜੁੜਦੀਆਂ ਹਨ।ਉਹ ਕਨੇਡਾ ਵੱਲੋਂ ਭਾਰਤੀਆਂ ਦੀ ਤੌਹੀਨ ਸੀ ਤੇ ਹੁਣ ਸਦੀਆਂ ਬਾਅਦ ਇਹ ਤੌਹੀਨ ਟਰੰਪ ਨੇ ਕੀਤੀ ਹੈ ਪਰ ਇਸ ਵਿੱਚੋਂ ਕਰਤਾਰ ਸਿੰਘ ਸਰਾਭੇ ਵਰਗੇ ਗਦਰੀ ਪੈਦਾ ਹੋਣ ਦੀਆਂ ਭਾਵਨਾਵਾਂ ਨਾ ਮਾਤਰ ਹਨ।ਉਹ ਸਭ ਕੁਝ ਲੁੱਟਾਂ ਕੇ ਆਪਣੇ ਘਰਾਂ ਵਿੱਚ ਦਬਕ ਗਏ ਹਨ।ਕਈ ਮਨ ਚਲਿਆਂ ਲਈ ਮਜ਼ਾਕ ਦੇ ਪਾਤਰ ਬਣਨਗੇ।ਸਾਡੇ ਪੰਜਾਬੀਆਂ ਦੀ ਇਹ ਹੋਸ਼ੀ ਫਿਤਰਕ ਹੈ ਕਿ ਉਹ ਇਸ ਦੁਖਾਂਤ ਤੇ ਵੀ ਯੂ.ਟਿਊਬ ਤੇ ਲਤੀਫੇ ਬਣਾ ਕੇ ਮਜਾਕ ਉਡਾ ਰਹੇ ਹਨ।ਅਜਿਹੀ ਬਿਹੂਦਾ ਮਾਨਸਿਕਤਾ ਨੂੰ ਵੀ ਡੁੱਬ ਮਰ ਜਾਣਾ ਚਾਹੀਦਾ ਹੈ ਜਿਸ ਵਿੱਚੋਂ ਕਿ ਛੋਟੇ ਸਾਹਿਬਜਾਦੇ,ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ,ਊਦਮ ਸਿੰਘ ਦੀ ਅਣਖ ਖਤਮ ਕਰ ਲਈ ਹੈ।ਵਰਤਮਾਨ ਸਮੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਅਮਰੀਕਾ ਦੇ ਦੌਰੇ ਤੋਂ ਆਏ ਹਨ ਅਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਗੈਰਕਾਨੂੰਨੀ ਕਰਾਰ ਦਿੱਤੇ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੀ ਕਾਰਵਾਈ ਨੂੰ ਉਹ ਠੀਕ ਕਹਿ ਰਹੇ ਹਨ ਅਤੇ ਅਮਰੀਕਾ ਨੂੰ ਪੂਰਨ ਸਹਿਯੋਗ ਦੇਣ ਦੀ ਗੱਲ਼ ਕਹਿ ਕੇ ‘‘ਡਾਹਡੇ ਦਾ ਸੱਤੀ ਵੀਹੀਂ ਸੌ’’ ਅੱਡੇ ਦੇਸ਼ ਦੇ ਸਵੈਮਾਣ ਦੀ ਪੱਗ ਦਾ ਸ਼ਮਲਾ ਝੁਕਾ ਆਏ ਹਨ ਅਤੇ ਕਿਸੇ ਵੀ ਮਹਾਂ ਯੁੱਧ ਦੌਰਾਨ ਭਾਰਤ ਦੀ ਸੈਨਿਕ ਸ਼ਕਤੀ ਨੂੰ ਅਮਰੀਕਾ ਵੱਲ਼ੋਂ ਵਰਤਣ ਤੇ ਉਜ਼ਰ ਨਹੀਂ ਹੋਵੇਗਾ।ਜਦੋਂ ਕਿ ਏਨਾ ਡੀਪੋਰਟ ਕੀਤੇ ਭਾਰਤੀਆਂ ਦੀ ਹੋਣੀ ਦਾ ਅਧਾਰ ਵੀ ਦੇਸ਼ ਦਾ ਮੁੱਖੀ ਹੈ। 2014 ਵਿੱਚ ਏਹਨਾਂ ਨੇ ਹਰੇਕ ਕਸਬੇ ਸਾਲ ਦੋ ਕਰੋੜ ਸਰਕਾਰੀ ਨੌਕਰੀਆਂ ਦੇਣ ਦਾ ,ਬੇਰੁਜ਼ਗਾਰੀ ਭੱਤਾ ਅਤੇ ਹਰੇਕ ਨਾਗਰਿਕ ਨੂੰ ਪੰਦਰ੍ਹਾਂ ਲੱਖ ਦੇਣ ਦਾ ਵਾਅਦਾ ਪੂਰਾ ਨਾਂ ਕਰ ਸਕਣ ਦਾ ਦੋਸ਼ੀ ਹੈ।ਬਾਕੀ ਗੱਲਾਂ ਛੱਡੋ ਜੇ ਪ੍ਰਧਾਨ ਮੰਤਰੀ ਜੀ ਪਿਛਲੇ ਦਸਾਂ ਸਾਲਾਂ ਵਿੱਚ ਵੀਹ ਕਰੌੜ ਨੌਜਵਾਨਾਂ ਨੂੰ ਸਵੈਮਾਣ ਭਰਿਆ ਰੁਜ਼ਗਾਰ ਦੇ ਦਿੰਦੇ ਤਾਂ ਦੇਸ਼ ਦੀ ਜਵਾਨੀ ਨੂੰ ਇੰਝ ਹੱਥ ਕੜੀਆਂ ਤੇ ਬੇੜੀਆਂ ਵਿੱਚ ਕੈਦ ਹੋ ਕੇ ਆਉਣ ਦੀ ਲੋੜ ਹੀਂ ਨਹੀਂ ਸੀ।ਨੌਜਵਾਨਾਂ ਨਾਲੇ ਵੱਧ ਇਹ ਯੁਮਲਿਆਂ ਦੇ ਝੂਠ ਤੇ ਖੜੀ ਸਰਕਾਰ ਹੈ ਕਿ ਜੋ ਕਿ ਆਪਣੀ ਜੁੰਮੇਵਾਰੀ ਤੋਂ ਭੱਜ ਰਹੀ ਹੈ। ਇਕ ਅੰਗਰੇਜੀ ਅਖਬਾਰ ਅਨੁਸਾਰ ਕੋਲੰਬੀਆਂ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ,ਬ੍ਰਾਜੀਲ ਦੇ ਮੁਖੀ ਲੂਈਜ਼ ਇਨਾਕੀਓ ਅਤੇ ਮੈਕਸੀਕੋ ਦੇ ਮੁੱਖੀ ਕੌਲਾਡੀਆ ਨੇ ਅਮਰੀਕਾ ਦੇ ਸੈਨਿਕ ਜਹਾਜ਼ ਨੂੰ ਆਪਣੇ ਹਵਾਈ ਅੱਡਿਆਂ ’ਤੇ ਉੁਤਾਰਨ ਤੋਂ ਨਾਂਹ ਕਰ ਕੇ ਇਸ ਨੂੰ ਖੋਟੀ ਚੁਆਨੀ ਵਾਂਗ ਵਾਪਸ ਭੇਜ ਕੇ ਆਪਣੇ ਰਾਸ਼ਟਰੀ ਸਵੈਮਾਣ ਨੂੰ ਕਾਇਮ ਰੱਖਿਆ।ਦੂਸਰੇ ਪਾਸੇ ਭਾਰਤ ਸਮੇਤ ਹੋਂਡੂਰਸ,ਗੁਆਏਟਾਮਾਲਾ ਅਤੇ ਪੀਰੂ ਆਦਿ ਵਰਗੇ ਦੇ ਹੁਕਮਰਾਨਾਂ ਪੈਤਰੋਂ ਬਵਾਰੋ,ਐਕਸੋਮਾਰਾ,ਕਾਸਟਰੋ ਵਰਗਿਆਂ ਨੇ ਵੀ ਆਪਣੇ ਹਵਾਈ ਅੱਡਿਆਂ ਤੇ ਅਮਰੀਕਾ ਦੇ ਸੈਨਿਕ ਜਹਾਜ਼ਾਂ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਸੀ। 2025 ਵਿਚ ਇਹ ਰੁਝਾਨ ਕਿਹੜੇ ਕਿਹੜੇ ਮੁਲਕਾਂ ਨੂੰ ਆਪਣੇ ਇਸ ਡੀਪੋਰਟੇਸ਼ਨ ਲਈ ਵਰਤਦਾ ਹੈ ਕੌਣ ਇਸ ਦਾ ਵਿਰੋਧ ਕਰਦਾ ਹੈ ਅਤੇ ਕਿਹੜਾ ਸੁਆਗਤ ਕਰਦਾ ਹੈ ਇਹ ਸਮਾਂ ਦੱਸੇਗਾ।
ਡੋਨਾਲਡ ਟਰੰਪ ਦਾ ਪੰਜਾਬੀਆਂ ਨਾਲ ਇਹ ਸਲੂਕ ਭਾਰਤ ਦੀ ਪ੍ਰਭੂਸਤਾ ਲਈ ਸਮੁੱਚੇ ਭਾਰਤ ਲਈ ਇੱਕ ਵੰਗਾਰ ਹੈ।ਯੂ.ਐਨ.ਓ. ਚਾਰਟਰ ਦੇ ਅਨੁਸਾਰ ਕਿਸੇ ਵੀ ਦੇਸ਼ ਦਾ ਸੈਨਿਕ ਜਹਾਜ਼ ਦੂਸਰੇ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ।ਦੂਸਰਾ ਉਸ ਜਹਾਜ਼ ਅੰਦਰ ਭਾਰਤੀਆਂ ਦੀਆਂ ਮਸ਼ਕਾਂ ਬੰਨ੍ਹ ਕੇ (ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ) ਲਿਆਉਣਾ ਇੱਕ ਸ਼ਰਮਨਾਕ ਕਰਤੂਤ ਹੈ।ਸਾਡੇ ਮੁਲਕ ਦੇ ਮੁਖੀ ਦੇ ਹਾਜਮੇ ਨੂੰ ਦਾਦ ਦੇਵੋਂ ਕਿ ਉਹ ਕੌਮ ਦੀ ਬੇਸ਼ਰਮੀ ਨੂੰ ਪੀ ਗਿਆ।ਇਸ ਤੋਂ ਬਾਅਦ ਕਨੇਡਾ, ਇੰਗਲੈਡ ਲਈ ਵੀ ਇਹ ਰਾਹ ਖੁੱਲ਼ ਗਿਆ ਹੈ ਤੇ ਕੱਲ ਨੂੰ ਇਹ ਜਹਾਜ਼ ਫੇਰ ਪੰਜਾਬ ਵਿੱਚ ਉੱਤਰਨਗੇ ਤਾਂ ਭਾਰਤ ਦੇ ਹਵਾਈ ਅੱਡੇ ਉਨ੍ਹਾਂ ਦੇ ਫ਼ੌਜੀਆਂ ਲਈ ਬੇਸ ਬਣ ਜਾਣਗੇ।ਨਾਗਰਿਕ ਤਾਂ ਪਾਕਿਸਤਾਨ ਬੰਗਲਾਦੇਸ਼, ਲੰਕਾ ਦੇ ਵੀ ਉੱਥੇ ਹਨ ਪਰ ਇਥੇ ਪਹਿਲ ਲਈ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ ਇਹ ਹੁਕਮਰਾਨਾਂ ਦੇ ਸਿਰ ਜੋੜ ਕੇ ਸੋਚਣ ਦਾ ਵਿਸ਼ਾ ਹੈ ਕਿ ਆਪਣੀ ਗੈਰਤ ਦੀ ਪੈਰਾਂ ਹੇਠ ਪਈ ਪ੍ਰਭੂਸ਼ਤਾ ਦੀ ਪੱਗ ਨੂੰ ਮੁੜ ਆਪਣੇ ਸਿਰ ਤੇ ਰੱਖਕੇ ਇਸ ਰੁਝਾਨ ਨੂੰ ਕਿਵੇਂ ਵੰਗਾਰਨਾ ਹੈ?ਇਹ ਸਮੇਂ ਦੀ ਫੌਰੀ ਲੋੜ ਹੈ।
-ਮਾਸਟਰ ਗੁਰਮੇਲ ਬੌਡੇ