ਮੈਲਬਰਨ : ਰੇਲ, ਟ੍ਰਾਮ ਤੇ ਬੱਸ ਯੂਨੀਅਨ (RTBU) ਅਤੇ ਸਰਕਾਰ ਵਿਚਾਲੇ ਰੇਲ ਕਾਮਿਆਂ ਲਈ 4500 ਡਾਲਰ ਦੇ ਸਾਈਨ-ਆਨ ਬੋਨਸ ਨੂੰ ਲੈ ਕੇ ਚਲ ਰਹੇ ਰੇੜਕੇ ਦੇ ਨਤੀਜੇ ਵੱਜੋਂ ਇਕ ਵਾਰੀ ਫਿਰ ਸਿਡਨੀ ’ਚ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। 350 ਤੋਂ ਵੱਧ ਡਰਾਈਵਰਾਂ ਅਤੇ ਗਾਰਡਾਂ ਦੀ ਗੈਰਹਾਜ਼ਰੀ ਕਾਰਨ ਲਗਭਗ 465 ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਰੇਲ ਨੈੱਟਵਰਕ ’ਤੇ ਹਫੜਾ-ਦਫੜੀ ਮਚ ਗਈ ਹੈ। ਦੁਪਹਿਰ ਦੀ ਸ਼ਿਫਟ ਦੇ ਕਰਮਚਾਰੀਆਂ ਦੀ ਹਾਜ਼ਰੀ ਅਨਿਸ਼ਚਿਤ ਹੋਣ ਕਾਰਨ ਹਾਲਾਤ ਹੋਰ ਬਦਤਰ ਹੋਣ ਦੀ ਸੰਭਾਵਨਾ ਹੈ।
RTBU ਬੋਨਸ ਦੀ ਮੰਗ ਕਰ ਰਿਹਾ ਹੈ, ਜਦੋਂ ਕਿ ਸਰਕਾਰ ਦਾ ਦਾਅਵਾ ਹੈ ਕਿ ਇਹ ਇਕ ਵਾਰ ਭੁਗਤਾਨ ਸੀ। ਗੱਲਬਾਤ ਟੁੱਟ ਗਈ ਅਤੇ ਯੂਨੀਅਨ ਨੇ ਅੱਜ ਕੰਮਕਾਜ ਦੀ ਰਫ਼ਤਾਰ ‘ਮੰਦ’ ਕਰਨ ਦਾ ਸੱਦਾ ਦਿੱਤਾ, ਪਰ ਬਾਅਦ ਵਿੱਚ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਜਾਰੀ ‘ਲੌਕ-ਆਊਟ’ ਨੋਟਿਸਾਂ ਕਾਰਨ ਕਾਰਵਾਈ ਰੱਦ ਕਰ ਦਿੱਤੀ ਗਈ ਸੀ। ਸਰਕਾਰ ਇਸ ਤੋਂ ਇਨਕਾਰ ਕਰਦੀ ਹੈ ਅਤੇ ਕਹਿੰਦੀ ਹੈ ਕਿ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਕਾਮਿਆਂ ਨੂੰ ਤਨਖਾਹ ਨਾ ਦੇਣਾ ਉਨ੍ਹਾਂ ਦੀ ਨੀਤੀ ਹੈ। ਇਸ ਵਿਵਾਦ ਕਾਰਨ ਯੂਨੀਅਨ ਦੇ ਮੈਂਬਰਾਂ ਨੂੰ ਨੈੱਟਵਰਕ ਨੂੰ ਠੱਪ ਕਰਨ ਦੀ ਅਪੀਲ ਕਰਨ ਵਾਲਾ ਇੱਕ ਸੰਦੇਸ਼ ਲੀਕ ਹੋਇਆ ਹੈ, ਜਿਸ ਬਾਰੇ RTBU ਦਾ ਕਹਿਣਾ ਹੈ ਕਿ ਯੂਨੀਅਨ ਨੇ ਇਸ ਦੀ ਹਮਾਇਤ ਨਹੀਂ ਕੀਤੀ ਸੀ।