ਮੈਲਬਰਨ : ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਇਲਜ਼ਾਮ ’ਚ ਨੌਕਰੀ ਤੋਂ ਹਟਾ ਦਿੱਤੇ ਗਏ ਮੁਸਲਿਮ ਮਰਦ ਅਤੇ ਔਰਤ ਨਰਸ ਬਾਰੇ NSW ਦੇ ਸਿਹਤ ਮੰਤਰੀ, Ryan Park ਨੇ ਕਿਹਾ ਹੈ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨਰਸਾਂ ਦੀਆਂ ਕਾਰਵਾਈਆਂ ਨਾਲ ਮਰੀਜ਼ਾਂ ’ਤੇ ਮਾੜਾ ਅਸਰ ਪਿਆ ਹੈ। ਹਾਲਾਂਕਿ, ਨਰਸਾਂ ਵੱਲੋਂ ਮਰੀਜ਼ਾਂ ਦੇ ਇਲਾਜ ਦੀ ਸਮੀਖਿਆ ਕਰਨ ਅਤੇ ਇਹ ਨਿਰਧਾਰਤ ਕਰਨ ਲਈ ਜਾਂਚ ਚੱਲ ਰਹੀ ਹੈ ਕਿ ਕੀ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਸਟੇਟ ਦੇ ਸਿਹਤ ਵਿਭਾਗ ਵਿੱਚ ਕੋਈ ਸੁਧਾਰ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇੱਕ ਇਜ਼ਰਾਈਲੀ ਇਨਫ਼ਲੂਐਂਸਰ ਨਾਲ ਗੱਲਬਾਤ ’ਚ ਇਹ ਦੋਵੇਂ ਕਹਿ ਰਹੇ ਸਨ ਕਿ ਉਨ੍ਹਾਂ ਨੇ ਹਸਪਤਾਲ ’ਚ ਇਲਾਜ ਲਈ ਆਏ ਕਈ ਇਜ਼ਰਾਈਲੀ ਮੂਲ ਦੇ ਲੋਕਾਂ ਦਾ ਕਤਲ ਕਰ ਦਿੱਤਾ ਹੈ। ਨਰਸਾਂ ਦੀਆਂ ਟਿੱਪਣੀਆਂ ਦੀ ਵਿਆਪਕ ਤੌਰ ’ਤੇ ਨਿੰਦਾ ਕੀਤੀ ਗਈ ਹੈ, ਕਈਆਂ ਨੇ ਉਨ੍ਹਾਂ ਨੂੰ ਯਹੂਦੀ ਵਿਰੋਧੀ ਕਰਾਰ ਦਿੱਤਾ ਹੈ। NSW ਪੁਲਿਸ ਕਮਿਸ਼ਨਰ Karen Webb ਨੇ ਇਸ ਘਟਨਾ ਨੂੰ ‘ਨਫ਼ਰਤੀ ਅਪਰਾਧ’ ਦੱਸਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲੀ ਇਨਫ਼ਲੂਐਂਸਰ ਕੋਲੋਂ ਅਸਲ ਵੀਡੀਓ ਪ੍ਰਾਪਤ ਕੀਤੀ ਹੈ ਅਤੇ ਇਸ ਦੀ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਨਰਸਾਂ ਨੇ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗੀ ਹੈ ਅਤੇ ਨਾਦਿਰ ਨੇ ਦਾਅਵਾ ਕੀਤਾ ਹੈ ਕਿ ਇਹ ਇੱਕ ‘ਮਜ਼ਾਕ’ ਅਤੇ ‘ਗਲਤਫਹਿਮੀ’ ਸੀ। ਨਰਸ ਔਰਤ ਦੇ ਭਰਾ ਮੁਹੰਮਦ ਅਬੂ ਬੇਲਦੇਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਭੈਣ ਨੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਹਮੇਸ਼ਾ ਉਨ੍ਹਾਂ ਦੀ ਮਦਦ ਹੀ ਕੀਤੀ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਵੀਡੀਉ ਨਿਸ਼ਾਨਾ ਉਨ੍ਹਾਂ ਨੂੰ ਬਣਾ ਕੇ ਬਣਾਇਆ ਗਿਆ ਸੀ ਅਤੇ ਇਹ ਐਡਿਟ ਕੀਤਾ ਹੋਇਆ ਹੈ, ਜਿਸ ਨੂੰ ਕਈ ਥਾਵਾਂ ’ਤੇ ਕੁੱਝ ਗੱਲਾਂ ਕੱਟ ਦਿੱਤੀਆਂ ਗਈਆਂ ਹਨ। ਉੁਸ ਨੇ ਦਾਅਵਾ ਕੀਤਾ ਕਿ ਉਸ ਦੇ ਪਰਿਵਾਰ ਦੇ 70 ਲੋਕ ਫ਼ਲਸਤੀਨ ’ਚ ਮਾਰੇ ਗਏ ਹਨ, ਜੋ ਉਸ ਦੀ ਭੈਣ ਨੇ ਵੀਡੀਓ ’ਚ ਬੋਲੇ ਸਨ ਪਰ ਉਸ ਨੂੰ ਕੱਟ ਦਿੱਤਾ ਗਿਆ।