‘ਇਜ਼ਰਾਈਲੀ ਮਰੀਜ਼ਾਂ ਨੂੰ ਜਹੱਨਮ ’ਚ ਭੇਜ ਦੇਵਾਂਗੇ’, ਯਹੂਦੀਆਂ ਨੂੰ ਧਮਕੀਆਂ ਦੇਣ ਵਾਲੀ NSW ਦੀ ਔਰਤ ਅਤੇ ਮਰਦ ਨਰਸ ਦੀ ਨੌਕਰੀ ਤੋਂ ਛੁੱਟੀ, ਜਾਂਚ ਸ਼ੁਰੂ

ਮੈਲਬਰਨ : ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਡਨੀ ਦੇ Bankstown ਹਸਪਤਾਲ ਦੀਆਂ ਦੋ ਨਰਸਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਸ ਵਿਚ ਉਹ ਕਥਿਤ ਤੌਰ ’ਤੇ ਇਜ਼ਰਾਈਲੀ ਮਰੀਜ਼ਾਂ ਨੂੰ ਮਾਰਨ ਅਤੇ ਇਲਾਜ ਕਰਨ ਤੋਂ ਇਨਕਾਰ ਕਰਨ ਦੀ ਗੱਲ ਕਰ ਰਹੀਆਂ ਹਨ। ਆਨਲਾਈਨ ਕੰਟੈਂਟ ਕਰੀਏਟਰ Max Veifer ਵੱਲੋਂ Chatruletka ਐਪ ’ਤੇ ਸਾਂਝਾ ਕੀਤੇ ਗਏ ਵੀਡੀਓ ਵਿੱਚ ਇੱਕ ਮਰਦ ਅਤੇ ਇੱਕ ਔਰਤ ਨਰਸਾਂ ਇਜ਼ਰਾਈਲੀਆਂ ਪ੍ਰਤੀ ਘਟੀਆ ਅਤੇ ਧਮਕੀ ਭਰੀਆਂ ਟਿੱਪਣੀਆਂ ਕਰਦੀਆਂ ਦਿਖਾਈ ਦੇ ਰਹੀਆਂ ਹਨ, ਜਿਸ ਵਿੱਚ ਇਹ ਦਾਅਵਾ ਵੀ ਸ਼ਾਮਲ ਹੈ ਕਿ ਉਹ ਉਨ੍ਹਾਂ ਨੂੰ ‘ਜਹੱਨਮ’ (ਇਸਲਾਮ ਵਿੱਚ ਨਰਕ ਵਰਗੀ ਜਗ੍ਹਾ) ਭੇਜ ਦੇਣਗੀਆਂ।

ਮਰਦ ਨਰਸ ਦੀ ਪਛਾਣ ਅਹਿਮਦ ਰਾਸ਼ਿਤ ਨਦੀਰ ਵੱਜੋਂ ਹੋਈ ਹੈ ਅਤੇ ਉਸ ਦੀ ਸਾਥੀ ਨਰਸ ਦੀ ਪਛਾਣ ਸਾਰਾਹ ਅਬੂ ਲੇਬਦੇਹ ਵੱਜੋਂ ਹੋਈ ਹੈ। ਦੋਵੇਂ ਅਫ਼ਗਾਨ ਸ਼ਰਨਾਰਥੀ ਹਨ ਜਿਨ੍ਹਾਂ ਨੂੰ ਹਾਲ ਹੀ ’ਚ ਆਸਟ੍ਰੇਲੀਆ ਦੀ ਸਿਟੀਜ਼ਨਸਿ਼ਪ ਮਿਲੀ ਸੀ।

NSW ਦੇ ਪ੍ਰੀਮੀਅਰ Chris Minns ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਵਿਅਕਤੀਆਂ ਦੀ ਪਛਾਣ ਸਿਹਤ ਕਰਮਚਾਰੀਆਂ ਵਜੋਂ ਕੀਤੀ ਗਈ ਹੈ ਅਤੇ ਪੂਰੀ ਜਾਂਚ ਹੋਣ ਤੱਕ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। NSW ਦੇ ਸਿਹਤ ਮੰਤਰੀ Ryan Park ਨੇ ਵੀ ਇਸ ਵੀਡੀਓ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ‘ਹੁਣ ਤੱਕ ਦੇ ਸਭ ਤੋਂ ਭੈੜੇ, ਹੈਰਾਨ ਕਰਨ ਵਾਲੇ ਅਤੇ ਭਿਆਨਕ ਵੀਡੀਓ’ ਵਿੱਚੋਂ ਇੱਕ ਦੱਸਿਆ ਹੈ।

NSW ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ, ਅਤੇ ਸਿਹਤ ਵਿਭਾਗ ਬੈਂਕਸਟਾਊਨ ਹਸਪਤਾਲ ਦੀ ਵੀ ਜਾਂਚ ਕਰੇਗਾ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਕੀ ਪਹਿਲਾਂ ਵੀ ਐਂਟੀਸੈਮਿਟਿਜ਼ਮ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ Anthony Albanese ਨੇ ਵੀ ਇਸ ਵੀਡੀਓ ਨੂੰ ‘ਬਿਮਾਰ ਮਾਨਸਿਕਤਾ ਵਾਲਾ ਅਤੇ ਸ਼ਰਮਨਾਕ’ ਦੱਸਿਆ ਹੈ ਅਤੇ NSW ਸਿਹਤ ਪ੍ਰਣਾਲੀ ਤੋਂ ਦੋ ਨਰਸਾਂ ਨੂੰ ਹਟਾਉਣ ਦਾ ਸਵਾਗਤ ਕੀਤਾ ਹੈ।

ਆਸਟ੍ਰੇਲੀਆਈ ਮੈਡੀਕਲ ਐਸੋਸੀਏਸ਼ਨ (AMA) ਨੇ ਵੀ ਵੀਡੀਓ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਸਿਹਤ ਪ੍ਰਣਾਲੀ ਵਿੱਚ ਨਫ਼ਰਤ ਜਾਂ ਵੰਡੀਆਂ ਲਈ ਕੋਈ ਥਾਂ ਨਹੀਂ ਹੈ। ਇਸ ਘਟਨਾ ਨੇ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ ਅਤੇ ਸਿਹਤ ਖੇਤਰ ਵਿੱਚ ਯਹੂਦੀ ਵਿਰੋਧੀ ਭਾਵਨਾ ਨੂੰ ਦੂਰ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਹੈ।