ਇਸ ਸਾਲ ਅਰਥਾਤ 2025 ਵਿੱਚ ਭਗਤ ਰਵਿਦਾਸ ਜੀ ਦਾ ਪਵਿੱਤਰ 648ਵਾਂ ਜਨਮ ਦਿਹਾੜਾ 12 ਫਰਵਰੀ ਨੂੰ ਸਾਰੇ ਸੰਸਾਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਭਗਤ ਰਵਿਦਾਸ ਜੀ (1377—1527) ਦਾ ਜਨਮ ਰਘੂ ਜੀ ਦੇ ਘਰ ਘੁਰਬੀਨੀਆਂ ਦੀ ਕੁੱਖੋਂ ਹੋਇਆ। ਕਈ ਪੁਸਤਕਾਂ ਵਿਚ ਆਪ ਦਾ ਨਾਮ ‘ਰੈਦਾਸ’ ਵੀ ਲਿਖਿਆ ਹੋਇਆ ਹੈ। ਆਪ ਦੀ ਜੀਵਨੀ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੈ। ਭਗਤ ਰਵਿਦਾਸ ਜੀ ਦੇ ਆਪਣੇ ਫਰਮਾਨ ਅਨੁਸਾਰ ਆਪ ਦਾ ਜਨਮ ਕਾਸ਼ੀ ਦੇ ਨੇੜੇ ਹੋਇਆ:
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1293)
ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1293)
ਅਰਥਾਤ ਜਿਸ ਦੇ ਖਾਨਦਾਨ ਦੇ ਲੋਕ ਬਨਾਰਸ ਦੇ ਆਸ ਪਾਸ ਵਸਦੇ ਹਨ ਤੇ ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ। ਭਗਤ ਰਵਿਦਾਸ ਜੀ ਨੇ ਜਾਤ ਪਾਤ ’ਤੇ ਆਧਾਰਤ ਵਿਤਕਰਿਆਂ ਦੀ ਨਿਖੇਧੀ ਕੀਤੀ ਹੈ, ਆਪਣੇ ਨੀਵੀਂ ਜਾਤਿ ਨਾਲ ਸਬੰਧ ਹੋਣ ਨੂੰ ਉਭਾਰਿਆ ਹੈ ਤੇ ਇਸ ਜਾਤਿ ਨਾਲ ਸਬੰਧਤ ਹੋਣ ’ਤੇ ਖੁਸ਼ੀ ਅਨੁਭਵ ਕੀਤੀ ਹੈ। ਆਪ ਦੇ ਫਰਮਾਨ ਹਨ :
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ॥
ਰਾਜਾ ਰਾਮ ਕੀ ਸੇਵਨ ਕੀਨੀ ਕਹਿ ਰਵਿਦਾਸ ਚਮਾਰਾ॥
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 346)
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 346)
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 486)
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1293)
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 659)
ਭਗਤ ਰਵਿਦਾਸ ਜੀ ਤੋਂ ਇਲਾਵਾ ਕਬੀਰ ਸਾਹਿਬ ਨੇ ਤੇ ਭਗਤ ਨਾਮਦੇਵ ਜੀ ਨੇ ਵੀ ਆਪਣੀ ਜਾਤਿ ਨੀਵੀਂ ਹੋਣ ’ਤੇ ਮਾਣ ਪ੍ਰਗਟ ਕੀਤਾ ਹੈ। ਕਬੀਰ ਸਾਹਿਬ ਜੋ ਕਿ ਜਾਤਿ ਦੇ ਜੁਲਾਹਾ ਸਨ, ਨੇ ਆਪਣੀ ਬਾਣੀ ਵਿਚ ਅੰਕਤ ਕੀਤਾ ਹੈ ਕਿ ਸਭ ਲੋਕ ਮੇਰੀ ਜਾਤਿ *ਤੇ ਹੱਸਦੇ ਹਨ, ਪਰ ਮੈਂ ਇਸ ਜਾਤਿ ਤੋਂ ਬਲਿਹਾਰੀ ਜਾਂਦਾ ਹਾਂ। ਇਹ ਜਾਤਿ ਪ੍ਰਭੂ ਦਾ ਨਾਂ ਸਿਮਰਦੀ ਹੈ :
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ॥
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1364)
ਭਗਤ ਨਾਮਦੇਵ ਜੀ ਨੇ ਵੀ ਆਪਣੀ ਜਾਤ ਦੇ ਨੀਵੀਂ ਹੋਣ ਦਾ ਜ਼ਿਕਰ ਕੀਤਾ ਹੈ :
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1164)
ਛੀਪੇ ਕੇ ਜਨਮਿ ਕਾਹੇ ਕਉ ਆਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1164)
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 733)
ਗੁਰਬਾਣੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਭਗਤੀ ਰਾਹੀਂ ਵਿਅਕਤੀ ਦਾ ਪਾਰ ਉਤਾਰਾ ਹੋ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਜਾਤਿ ਦਾ ਹੋਵੇ। ਪ੍ਰਭੂ ਨੂੰ ਯਾਦ ਕਰਨ ਨਾਲ ਭਗਤ ਨਾਮਦੇਵ ਜੀ ਜੋ ਕਿ ਬਹੁਤ ਗਰੀਬ ਤੇ ਜਾਤਿ ਦੇ ਛੀਂਬਾ ਸਨ, ਲਖਪਤੀ ਬਣ ਗਏ। ਕਬੀਰ ਸਾਹਿਬ ਜੋ ਕਿ ਜਾਤ ਦੇ ਜੁਲਾਹਾ ਸਨ ਤੇ ਗਰੀਬ ਸਨ, ਗੁਣਾਂ ਦਾ ਖਜ਼ਾਨਾ ਬਣ ਗਏ। ਸੈਨ ਜੀ ਜਾਤਿ ਦੇ ਨਾਈ ਸਨ ਤੇ ਲੋਕਾਂ ਦੇ ਨਿੱਕੇ ਮੋਟੇ ਕੰਮ ਕਰਦੇ ਸਨ। ਜਦੋਂ ਉਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਵਾਸਾ ਹੋ ਗਿਆ ਤਾਂ ਉਨ੍ਹਾਂ ਦੀ ਘਰ ਘਰ ਸ਼ੋਭਾ ਹੋ ਤੁਰੀ। ਭਗਤ ਰਵਿਦਾਸ ਜੀ ਪਹਿਲਾਂ ਮਰੇ ਹੋਏ ਡੰਗਰ ਢੋਣ ਦਾ ਕੰਮ ਕਰਦੇ ਸਨ, ਪਰ ਜਦੋਂ ਉਨ੍ਹਾਂ ਨੇ ਮਾਇਆ ਦਾ ਮੋਹ ਤਿਆਗ ਦਿੱਤਾ ਤਾਂ ਉਨ੍ਹਾਂ ਨੂੰ ਪ੍ਰਭੂ ਦੇ ਦਰਸ਼ਨ ਹੋ ਗਏ ਤੇ ਉਹ ਉੱਘੇ ਹੋ ਗਏ।
ਆਪ ਰਾਮਾਨੰਦ ਜੀ ਦੇ ਚੇਲੇ ਸਨ ਤੇ ਕਬੀਰ ਸਾਹਿਬ ਦੇ ਸਮਕਾਲੀ ਸਨ। ਪਹਿਲਾਂ ਆਪ ਬੁੱਤ ਪੂਜਾ ਵਿਚ ਵਿਸ਼ਵਾਸ ਕਰਦੇ ਸਨ ਪਰ ਬਾਅਦ ਵਿਚ ਆਪ ਨੇ ਆਪਣੀਆਂ ਸਾਰੀਆਂ ਮੂਰਤੀਆਂ ਗੰਗਾ ਦਰਿਆ ਵਿਚ ਰੋੜ੍ਹ ਦਿੱਤੀਆਂ ਤੇ ਸਰਬ—ਸ਼ਕਤੀਮਾਨ ਪ੍ਰਭੂ ਦੇ ਸੇਵਕ ਬਣ ਗਏ।
ਆਪ ਪ੍ਰਮਾਤਮਾ ਦੀ ਅਦੁੱਤਤਾ ਤੇ ਸਰਬ—ਵਿਆਪਕਤਾ ਅਤੇ ਪ੍ਰਮਾਤਮਾ ਦੇ ਸਰਬ—ਸ਼ਕਤੀਮਾਨ ਹੋਣ ਦੇ ਧਾਰਨੀ ਸਨ। ਆਪਣੇ ਵਿਚਾਰਾਂ ਦਾ ਪਰਚਾਰ ਕਰਨ ਲਈ ਆਪ ਨੇ ਭਾਰਤ ਦੇ ਕਈ ਭਾਗਾਂ ਦਾ ਵਿਸਤਰਿਤ ਦੌਰਾ ਕੀਤਾ। ਇਸ ਮੁਹਿੰਮ ਦੌਰਾਨ ਆਪ ਨੇ ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਇਲਾਵਾ ਉੱਤਰੀ ਦਿਸ਼ਾ ਵਿਚ ਪਰਿਯਾਗ, ਮਥਰਾ, ਬ੍ਰਿੰਦਾਬਨ, ਹਰਿਦੁਆਰ, ਗੁੜਗਾਉਂ ਅਤੇ ਮੁਲਤਾਨ (ਜੋ ਹੁਣ ਪਾਕਿਸਤਾਨ ਵਿਚ ਪੈਂਦਾ ਹੈ) ਦਾ ਦੌਰਾ ਕੀਤਾ। ਇਨ੍ਹਾਂ ਅਸਥਾਨਾਂ ਤੇ ਬਹੁਤੀ ਥਾਂਈ ਆਪ ਦੀ ਪਵਿੱਤਰ ਯਾਦ ਵਿਚ ਯਾਦਗਾਰਾਂ ਵੀ ਉਸਾਰੀਆਂ ਗਈਆਂ ਹਨ।
ਸਾਰੇ ਸਿੱਖ ਜਗਤ ਵਿਚ ਭਗਤ ਰਵਿਦਾਸ ਜੀ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ ਹੈ ਕਿਉਂਕਿ ਆਪ ਉਨ੍ਹਾਂ ਪੰਦਰਾਂ ਭਗਤਾਂ ਵਿੱਚੋਂ ਹਨ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਕੀਤੀ ਗਈ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਈ ਮਰਦਾਨਾ ਜੀ — ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ ਤੇ ਭਗਤ ਧੰਨਾ ਜੀ ਦੇ ਸ਼ਬਦ ਗਾਇਨ ਕਰਦੇ ਸਨ। ਇਸ ਤੋਂ ਸਪਸ਼ਟ ਹੈ ਕਿ ਭਗਤ ਰਵਿਦਾਸ ਜੀ ਦੀ ਤੇ ਹੋਰ ਭਗਤਾਂ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕੱਤਰ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ—ਪਾਤ ਦੇ ਵਿਤਕਰੇ ਦੂਰ ਕਰਨ ਲਈ ਇਕ ਸਾਂਝੇ ਸਮਾਜ ਦੀ ਸਿਰਜਣਾ ਕੀਤੀ। ਉਸ ਤੋਂ ਬਾਅਦ ਬਾਕੀ ਸਾਰੇ ਗੁਰੂ ਸਾਹਿਬਾਨਾਂ ਨੇ ਆਪ ਦੇ ਸੰਦੇਸ਼ ਨੂੰ ਹੋਰ ਅੱਗੇ ਤੋਰਿਆ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਸਿੱਖ ਧਰਮ ਦਾ ਸੰਦੇਸ਼ ਹੈ ਕਿ ਸੰਸਾਰ ਵਿਚ ਜੋ ਧਰਮ ਅਤੇ ਜਾਤਿ ਦੇ ਆਧਾਰ *ਤੇ ਵੰਡੀਆਂ ਪਾਈਆਂ ਜਾਂਦੀਆਂ ਹਨ ਦਰਗਾਹ ਵਿਚ ਉਨ੍ਹਾਂ ਦੀ ਕੋਈ ਵੱਖਰੀ ਪਛਾਣ ਨਹੀਂ। ਸਾਰੇ ਵਿਅਕਤੀ ਇਕ ਸਾਮਾਨ ਹਨ ਤੇ ਰੱਬ ਦਾ ਰੂਪ ਹਨ। ਜਾਤਿ ਵਿਚ ਕੁਝ ਨਹੀਂ ਪਿਆ। ਦਰਗਾਹ ਵਿਚ ਕੇਵਲ ਇਸ ਗੱਲ ਦੀ ਪੜਚਾਲ ਹੋਵੇਗੀ ਕਿ ਵਿਅਕਤੀ ਦੇ ਪੱਲੇ ਸੱਚ ਕਿੰਨਾ ਕੁ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ :
ਜਾਤਿ ਦੈ ਕਿਆ ਹਥਿ ਸਚੁ ਪਰਖੀਐ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 142)
ਸਿੱਖ ਧਰਮ ਦਾ ਮੂਲ ਆਧਾਰ ਹੈ ਕਿ ਪ੍ਰਮਾਤਮਾ ਇਕ ਹੈ, ਸਾਰੇ ਜੀਵਾਂ ਦੀ ਉਤਪਤੀ ਉਸ ਨੇ ਕੀਤੀ ਹੈ ਤੇ ਸਾਰੇ ਉਸ ਇਕ ਜੋਤਿ ਵਿੱਚੋਂ ਪੈਦਾ ਹੋਏ ਹਨ। ਕਿਉਂਕਿ ਅਸੀਂ ਸਾਰੇ ਇੱਕੋ ਜੋਤਿ ਤੋਂ ਪੈਦਾ ਹੋਏ ਹਾਂ, ਇਸ ਲਈ ਅਸੀਂ ਸਾਰੇ ਇੱਕੋ ਜਿਹੇ ਚੰਗੇ ਜਾਂ ਮੰਦੇ ਹਾਂ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਾ ਕਾਰਜ 1599 ਈ. ਵਿਚ ਆਰੰਭ ਕਰ ਕੇ 1604 ਵਿਚ ਸੰਪੂਰਨ ਕੀਤਾ। ਇਸ ਪਵਿੱਤਰ ਧਾਰਮਕ ਗ੍ਰੰਥ ਵਿਚ ਆਪ ਨੇ ਸਦੀਆਂ ਪੁਰਾਣੀ ਚੱਲਦੀ ਆ ਰਹੀ ਜਾਤ ਪਾਤਿ *ਤੇ ਆਧਾਰਤ ਸਮਾਜਕ ਪਰਣਾਲੀ ਦੀ ਨਿਖੇਧੀ ਕੀਤੀ ਤੇ ਇਕ ਨਵੇਂ ਸਭਿਆਚਾਰਕ ਵਿਰਸੇ ਦੀ ਸਿਰਜਣਾ ਕੀਤੀ। ਇਸ ਰਚਨਾ ਨਾਲ ਆਪ ਨੇ ਉਨ੍ਹਾਂ ਸਭ ਜਾਤੀਆਂ ਦੇ ਲੋਕਾਂ ਜਿਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੋਂ ਨੀਵੇਂ ਕਹਿ ਕੇ ਪੁਕਾਰਿਆ ਜਾਂਦਾ ਸੀ, ਸਿਰ ਉੱਚਾ ਕਰ ਕੇ ਮਾਣ ਨਾਲ ਜਿਉਣ ਦੀ ਖੁੱਲ੍ਹ ਪਰਦਾਨ ਕੀਤੀ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਭਗਤਾਂ ਦੇ ਨਾਲ—ਨਾਲ ਭਗਤ ਰਵਿਦਾਸ ਜੀ ਤੇ ਨੀਵੀਂ ਜਾਤ ਨਾਲ ਸਬੰਧ ਰੱਖਣ ਵਾਲੇ ਹੋਰ ਮਹਾਪੁਰਖਾਂ ਦੀ ਬਾਣੀ ਸ਼ਾਮਲ ਕਰ ਕੇ ਸਾਰੀਆਂ ਜਾਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ। ਇਹ ਆਪ ਦਾ ਇਕ ਕ੍ਰਾਂਤੀਕਾਰੀ ਕਦਮ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਸ਼ਾਮਲ ਹੋਣ ਨਾਲ ਆਪ ਦੇ ਸਾਰੇ ਚੇਲੇ ‘ਨੀਵੀਂ ਜਾਤਿ’ ਦੇ ਮਨੁੱਖ ਕਹਾਉਣ ਦੀ ਥਾਂ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥’ (ਪੰਨਾ 611) ਹੋ ਨਿਬੜੇ।
ਆਪ ਨੇ ਇਸ ਪਵਿੱਤਰ ਗ੍ਰੰਥ ਵਿਚ ਗੁਰੂ ਸਾਹਿਬਾਨਾਂ ਦੇ ਨਾਲ—ਨਾਲ 15 ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ, ਜਿਨ੍ਹਾਂ ਵਿਚ ਬ੍ਰਾਹਮਣ, ਮੁਸਲਮਾਨ, ਜੱਟ, ਛੀਂਬਾ, ਚਮਾਰ, ਜੁਲਾਹਾ, ਰਾਜਪੂਤ ਤੇ ਨਾਈ ਸ਼ਾਮਲ ਹਨ। ਇਨ੍ਹਾਂ ਭਗਤਾਂ ਤੋਂ ਇਲਾਵਾ ਆਪ ਨੇ ਗਿਆਰਾਂ ਭੱਟਾਂ — ਭਟ ਕਲਸਹਾਰ ਜੀ, ਭਟ ਜਾਲਪ ਜੀ, ਭਟ ਕੀਰਤ ਜੀ, ਭਟ ਭਿਖਾ ਜੀ, ਭਟ ਸਲ ਜੀ, ਭਟ ਨਲ ਜੀ, ਭਟ ਗਯੰਦ ਜੀ, ਭਟ ਮਥੁਰਾ ਜੀ ਅਤੇ ਭਟ ਹਰਿਬੰਸ ਜੀ ਦੀ ਬਾਣੀ ਵੀ ਸ਼ਾਮਲ ਕੀਤੀ। ਉਪਰੋਕਤ ਪੰਦਰਾਂ ਭਗਤਾਂ ਤੇ ਗਿਆਰਾਂ ਭਟਾਂ ਤੋਂ ਇਲਾਵਾ ਆਪ ਨੇ ਚਾਰ ਹੋਰ ਮਹਾਂਪੁਰਖਾਂ—ਭਾਈ ਮਰਦਾਨਾ ਜੀ, ਰਾਇ ਬਲਵੰਡ ਜੀ (ਡੂਮ ਰਬਾਬੀ), ਭਾਈ ਸਤਾ ਜੀ (ਡੂਮ ਰਬਾਬੀ) ਤੇ ਬਾਬਾ ਸੁੰਦਰ ਜੀ (ਖੱਤਰੀ) ਦੀ ਬਾਣੀ ਵੀ ਸ਼ਾਮਲ ਕੀਤੀ। ਗੁਰਬਾਣੀ ਦੇ ਰਚਨਹਾਰਾਂ ਵਿਚ ਮੁਸਲਮਾਨ, ਬ੍ਰਾਹਮਣ, ਖੱਤਰੀ, ਚਮਾਰ, ਨਾਈ, ਛੀਂਬਾ, ਜੱਟ, ਜੁਲਾਹਾ, ਮਰਾਸੀ, ਭੱਟ ਆਦਿ ਭਿੰਨ ਭਿੰਨ ਧਰਮਾਂ ਤੇ ਜਾਤਾਂ ਨਾਲ ਸਬੰਧ ਰੱਖਣ ਵਾਲੇ ਮਹਾਂਪੁਰਖਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਹ ਹੀ ਇੱਕੋ ਇਕ ਅਜਿਹਾ ਧਰਮ ਹੈ ਜਿਸ ਦੇ ਧਰਮ ਗ੍ਰੰਥ ਵਿਚ ਬਿਨਾ ਕਿਸੇ ਧਰਮ ਜਾਂ ਜਾਤਿ ਪਾਤ ਦੇ ਭੇਦ ਭਾਵ ਤੋਂ ਬਾਣੀ ਸ਼ਾਮਲ ਕੀਤੀ ਗਈ ਹੈ।
ਬਹੁਤ ਲੰਬੇ ਸਮੇਂ ਤੋਂ ਮਨੂੰ ਵੱਲੋਂ ਜਾਤ ਪਾਤ ਦੇ ਆਧਾਰ ਤੇ ਕੀਤੀ ਗਈ ਵੰਡ—ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਚਲੀ ਆ ਰਹੀ ਸੀ। ਇਸ ਸ਼ਰੇਣੀ—ਵੰਡ ਵਿਚ ਬ੍ਰਾਹਮਣਾਂ ਨੂੰ ਸਭ ਤੋਂ ਉੱਚੀ ਜਾਤਿ ਗਿਣਿਆ ਜਾਂਦਾ ਸੀ ਤੇ ਸ਼ੂਦਰ ਨੂੰ ਸਭ ਤੋਂ ਨੀਵੀਂ ਜਾਤਿ। ਸ਼ੂਦਰ ਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਉਸ ਨੂੰ ਅਛੂਤ ਸਮਝਿਆ ਜਾਂਦਾ ਸੀ। ਸਿੱਖ ਗੁਰੂ ਸਾਹਿਬਾਨਾਂ ਨੇ ਜਾਤਾਂ ਦੇ ਉੱਚੇ ਨੀਵੇਂ ਗਿਣੇ ਜਾਣ ਦੀ ਨਿਖੇਧੀ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਉਨ੍ਹਾਂ ਮਹਾਂਪੁਰਖਾਂ ਦੀ ਬਾਣੀ ਹੀ ਸ਼ਾਮਲ ਕੀਤੀ ਜੋ ਇਸ ਤੱਥ ਨਾਲ ਸਹਿਮਤ ਸਨ ਕਿ ਸਾਰੀਆਂ ਜਾਤਾਂ ਬਰਾਬਰ ਹਨ, ਕੋਈ ਉੱਚੀ ਨਹੀਂ ਤੇ ਕੋਈ ਨੀਵੀਂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦ ਸ਼ਾਮਲ ਹਨ ਜਿਨ੍ਹਾਂ ਦੀ ਰਚਨਾ 16 ਰਾਗਾਂ ਵਿਚ ਕੀਤੀ ਗਈ ਹੈ।
ਚੌਦ੍ਹਵੀਂ—ਪੰਦਰ੍ਹਵੀਂ ਸਦੀ ਵਿਚ ਜਾਤਿ ਪਾਤ ਦੇ ਵਿਤਕਰੇ ਬਹੁਤ ਵਧ ਚੁੱਕੇ ਸਨ। ਜੇ ਕਿਸੇ ਬ੍ਰਾਹਮਣ ਨੂੰ ਕੋਈ ਨੀਵੀਂ ਜਾਤਿ ਦਾ ਵਿਅਕਤੀ ਨਜ਼ਰ ਵੀ ਆ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਦਾ ਸੀ। ਉਦਾਹਰਣ ਵਜੋਂ ਦੱਸਿਆ ਜਾਂਦਾ ਹੈ ਕਿ ਮੁਕੰਦ ਨਾਂ ਦਾ ਇਕ ਬ੍ਰਾਹਮਣ ਜਦੋਂ ਭਰ ਸਰਦੀ ਦੀ ਰੁੱਤੇ ਤੜਕਸਾਰ ਗੰਗਾ ਇਸ਼ਨਾਨ ਕਰ ਕੇ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਕਬੀਰ ਸਾਹਿਬ ਦਿਸ ਪਏ। ਉਹ ਬੁੜ ਬੁੜ ਕਰਦਾ ਦੁਬਾਰਾ ਇਸ਼ਨਾਨ ਕਰਨ ਚਲਾ ਗਿਆ। ਫੇਰ ਪਰਤਿਆ ਤਾਂ ਫੇਰ ਅੱਗੋਂ ਕਬੀਰ ਸਾਹਿਬ ਮਿਲ ਗਏ। ਉਹ ਬਹੁਤ ਦੁਖੀ ਹੋਇਆ ਤੇ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਲੱਗਾ। ਕਬੀਰ ਸਾਹਿਬ ਨੇ ਇਕ ਸ਼ਬਦ ਉਚਾਰ ਕੇ ਉਸ ਦੇ ਮਨ ਨੂੰ ਠੰਢਾ ਕੀਤਾ, ਜਿਸ ਦੇ ਅਰਥ ਹਨ ਕਿ ਪੇਟ ਵਿਚ ਬੱਚੇ ਦੀ ਕੋਈ ਜਾਤਿ ਨਹੀਂ ਹੁੰਦੀ, ਸਾਰੇ ਮਨੁੱਖਾਂ ਦੀਆਂ ਨਾੜਾਂ ਵਿਚ ਇੱਕ ੋ ਜਿਹਾ ਲਹੂ ਹੀ ਵਹਿੰਦਾ ਹੈ। ਉੱਚੀਆਂ ਜਾਤਾਂ ਦੇ ਲੋਕਾਂ ਦੀਆਂ ਨਾੜਾਂ ਵਿਚ ਦੁੱਧ ਨਹੀਂ ਵਹਿੰਦਾ।
ਪ੍ਰਮਾਤਮਾ ਨੇ ਬੱਚੇ ਦੇ ਪੈਦਾ ਹੋਣ ਦਾ ਰਸਤਾ ਵੀ ਇਕ ਹੀ ਮਿੱਥਿਆ ਹੈ। ਉੱਚੀ, ਨੀਵੀਂ ਜਾਤਿ ਦੇ ਬੱਚਿਆਂ ਦੇ ਪੈਦਾ ਹੋਣ ਦੇ ਵੱਖੋ ਵੱਖਰੇ ਰਸਤੇ ਨਿਸ਼ਚਿਤ ਨਹੀਂ ਕੀਤੇ ਤੇ ਇਸ ਲਈ ਇਹ ਜਾਤਿ ਪਾਤ *ਤੇ ਆਧਾਰਤ ਵਿਤਕਰੇ ਨਿਰਮੂਲ ਹਨ।
ਭਗਤ ਰਵਿਦਾਸ ਜੀ ਨੂੰ ਆਪਣੀ ਜਾਤਿ ਕਾਰਣ ਬ੍ਰਾਹਮਣਾਂ ਹੱਥੋਂ ਕਈ ਕਸ਼ਟ ਸਹਾਰਨੇ ਪਏ। ਇਹ ਜਾਤਿ ਸਬੰਧਤ ਝਗੜੇ ਇਲਾਕੇ ਦੇ ਮੁਸਲਮਾਨ ਹਾਕਮ ਤਕ ਜਾ ਪਹੁੰਚੇ। ਕਿਉਂਕਿ ਇਸਲਾਮ ਧਰਮ ਵਿਚ ਮੂਰਤੀ ਪੂਜਾ ਵਰਜਿਤ ਹੈ, ਹਾਕਮ ਵੱਲੋਂ ਧਾਰਮਕ ਝਗੜਿਆਂ ਨੂੰ ਸੁਲਝਾਉਣ ਲਈ ਨਿਸ਼ਚਿਤ ਕੀਤੇ ਗਏ। ਅਧਿਕਾਰੀ ਨੇ ਝਗੜੇ ਨੂੰ ਨਿਪਟਾਉਣ ਲਈ ਅਜਿਹੀ ਤਰਕੀਬ ਲੱਭੀ ਕਿ ਦੋਵੇਂ ਧਿਰਾਂ ਠਿੱਠ ਹੋ ਜਾਣ। ਉਸ ਨੇ ਫੈਸਲਾ ਕੀਤਾ ਕਿ ਮੂਰਤੀਆਂ ਨੂੰ ਇਕ ਚਾਂਦੀ ਦੀ ਚੌਂਕੀ *ਤੇ ਰੱਖ ਕੇ ਦਰਿਆ ਪਾਰ ਛੱਡ ਦਿੱਤਾ ਜਾਵੇ। ਕਿਉਂਕਿ ਪੰਡਤ ਮੂਰਤੀ ਪੂਜਾ ਆਪਣਾ ਹੱਕ ਸਮਝਦੇ ਹਨ ਅਤੇ ਨੀਵੀਂ ਜਾਤ ਵਾਲਿਆਂ ਨੂੰ ਮੂਰਤੀ ਪੂਜਾ ਕਰਨ ਤੋਂ ਮਨ੍ਹਾ ਕਰਦੇ ਹਨ, ਪਹਿਲਾਂ ਉਨ੍ਹਾਂ ਨੂੰ ਕਿਹਾ ਜਾਵੇ ਕਿ ਉਹ ਆਪਣੇ ਗੁਰ ਪੀਰਾਂ ਨੂੰ ਬੇਨਤੀ ਕਰਨ ਕਿ ਮੂਰਤੀਆਂ ਤਰ ਕੇ ਉਰਲੇ ਕੰਢੇ ਤੇ ਆ ਜਾਣ। ਜੇ ਪੰਡਤ ਅਜਿਹਾ ਨਾ ਕਰ ਸਕਣ ਤਾਂ ਫਿਰ ਭਗਤ ਰਵਿਦਾਸ ਜੀ ਨੂੰ ਕਿਹਾ ਜਾਵੇ ਕਿ ਉਹ ਮੂਰਤੀਆਂ ਨੂੰ ਉਰਲੇ ਕੰਢੇ ’ਤੇ ਬੁਲਾ ਲੈਣ।
ਪੰਡਤ ਆਪਣੀ ਪਹਿਲਕਦਮੀ *ਤੇ ਖੁਸ਼ ਹੋ ਗਏ। ਉਨ੍ਹਾਂ ਨੇ ਬਥੇਰੇ ਮੰਤਰ ਪੜ੍ਹੇ ਪਰ 24 ਘੰਟੇ ਲੰਘ ਗਏ, ਮੂਰਤੀਆਂ ਵਿਚ ਕੋਈ ਹਿੱਲ ਜੁਲ ਨਾ ਹੋਈ। ਫਿਰ ਭਗਤ ਰਵਿਦਾਸ ਜੀ ਨੂੰ ਬੁਲਾਇਆ ਗਿਆ। ਆਪ ਨੇ ਆਪਣੀ ਕੀਰਤਨ ਮੰਡਲੀ ਬੁਲਾ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਬਾਅਦ ਮੂਰਤੀਆਂ ਤਰ ਕੇ ਉਰਲੇ ਕੰਢੇ ਤੇ ਆ ਗਈਆਂ। ਇਹ ਕੌਤਕ ਦੇਖ ਕੇ ਸਾਰੇ ਲੋਕ ਦੰਗ ਰਹਿ ਗਏ। ਭਗਤ ਰਵਿਦਾਸ ਜੀ ਦੀ ਜੈ ਜੈਕਾਰ ਹੋ ਗਈ। ਲੋਕ ਦੂਰੋਂ ਦੂਰੋਂ ਆਪ ਦੇ ਦਰਸ਼ਨਾ ਨੂੰ ਆਉਣ ਲੱਗੇ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਭਗਤ ਰਵਿਦਾਸ ਜੀ ਦੀ ਆਪਣੀ ਕੋਈ ਹੱਥ ਲਿਖਤ ਨਹੀਂ ਹੈ।
ਉਨ੍ਹਾਂ ਦੇ ਪ੍ਰਭੂ ਚਰਨਾ ਵਿਚ ਬਿਰਾਜਣ ਤੋਂ ਬਾਅਦ ਉਨ੍ਹਾਂ ਦੇ ਚੇਲਿਆਂ ਨੇ ਉਨ੍ਹਾਂ ਦਾ ਕੀਰਤਨ ਸੁਣਨ ਰਾਹੀਂ ਜੋ ਕੁਝ ਜ਼ੁਬਾਨੀ ਯਾਦ ਰੱਖਿਆ ਸੀ, ਉਸ ਦਾ ਸੰਗ੍ਰਹਿ ਤਿਆਰ ਕੀਤਾ। ਆਪ ਦੀਆਂ ਰਚਨਾਵਾਂ ਦਾ ਸਭ ਤੋਂ ਪਹਿਲਾ ਅਣਛਪਿਆ ਸੰਗ੍ਰਹਿ ‘ਰਵਿਦਾਸ ਕੇ ਪਦ’ (1589) ਹੈ ਜੋ ਕਿ ਅਲੀਗੜ੍ਹ ਦੇ ਬਾਬਾ ਹਰਿਦਾਸ ਜੀ ਕੋਲ ਸੀ। ਇਸੇ ਸਿਰਲੇਖ ਅਧੀਨ ਇਕ ਹੋਰ ਅਣਛਪਿਆ ਸੰਗ੍ਰਹਿ (1652) ਜੋਧਪੁਰ ਦੀ ਸਟੇਟ ਲਾਇਬ੍ਰੇਰੀ ਵਿਚ ਮੌਜੂਦ ਹੈ। ਤੀਜਾ ਅਣਛਪਿਆ ਸੰਗ੍ਰਹਿ ‘ਰਵਿਦਾਸ ਕੀ ਬਾਣੀ’ (1855) ਹੈ। ਆਪ ਦੀਆਂ ਰਚਨਾਵਾਂ ਦਾ ਛਪਿਆ ਹੋਇਆ ਪਹਿਲਾ ਸੰਗ੍ਰਹਿ ‘ਰਵਿਦਾਸ ਜੀ ਕੀ ਬਾਣੀ’ ਹੈ ਜੋ ਕਿ ਬਲਵੈਦਰ ਪ੍ਰੈਸ, ਅਲਾਹਾਬਾਦ ਨੇ 1908 ਵਿਚ ਛਾਪਿਆ। ਦੂਜਾ ਮਹੱਤਵਪੂਰਣ ਛਪਿਆ ਹੋਇਆ ਸੰਗ੍ਰਹਿ ਸ਼ਾਸਤ੍ਰੀ ਤੇ ਪਾਂਡੇ ਦੀ ਕਿਤਾਬ ‘ਸੰਤ ਰਵਿਦਾਸ ਔਰ ਉਨ ਕਾ ਕਾਵਯ’ (1956) ਹੈ। ਇਸ ਤੋਂ ਬਾਅਦ ਹੋਰ ਕਈ ਲੇਖਕਾਂ ਨੇ ਆਪ ਦੀਆਂ ਰਚਨਾਵਾਂ ਦੇ ਸੰਗ੍ਰਹਿ ਛਾਪੇ ਹਨ। ਉਪਰੋਕਤ ਤੋਂ ਸਪਸ਼ਟ ਹੈ ਕਿ ਭਗਤ ਰਵਿਦਾਸ ਜੀ ਦੇ ਜੋ 40 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (1604) ਵਿਚ ਸ਼ਾਮਲ ਕੀਤੇ ਹਨ, ਉਹ ਹੀ ਉਨ੍ਹਾਂ ਦੀਆਂ ਸਭ ਤੋਂ ਪਹਿਲਾਂ ਛਪੀਆਂ ਰਚਨਾਵਾਂ ਹਨ, ਜੋ ਕਿ ਬਲਵੈਦਰ ਪ੍ਰੈਸ, ਅਲਾਹਾਬਾਦ ਵੱਲੋਂ ਛਾਪੀ ਗਈ ਪੁਸਤਕ ਤੋਂ 304 ਸਾਲ ਪਹਿਲਾਂ ਛਪੀਆਂ। ਭਗਤ ਰਵਿਦਾਸ ਜੀ ਦੀ ਪ੍ਰਭੂ ਪਰਾਪਤੀ ਦੀ ਉਮੰਗ ਆਪ ਦੇ ਹੇਠ ਦਿੱਤੇ ਫਰਮਾਨ ਤੋਂ ਸਪਸ਼ਟ ਹੁੰਦੀ ਹੈ :
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮ ਤੁਮੑਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥
ਆਪ ਪ੍ਰਭੂ ਨੂੰ ਮਿਲਣ ਦੀ ਤਾਂਘ ਪ੍ਰਗਟਾਉਂਦੇ ਹੋਏ ਫਰਮਾਉਂਦੇ ਹਨ :
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 694)
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 346)
ਕਈ ਵਾਰੀ ਆਪਣੇ ਖੁਦਗਰਜ਼ੀ ਭਰੇ ਹਿੱਤਾਂ ਲਈ ਕਈ ਰਾਜਸੀ ਤਾਕਤਾਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ। ਲੋੜ ਹੈ ਸਾਨੂੰ ਅਜਿਹੀਆਂ ਤਾਕਤਾਂ ਤੋਂ ਜਾਗਰੂਕ ਰਹਿਣ ਦੀ। ਸਿਆਸਤਦਾਨ ਜੋ ਅੱਜ ਸਿੱਖ ਧਰਮ ਨਾਲੋਂ ਉਨ੍ਹਾਂ ਦੇ ਚੇਲਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਆਪਣੀ ਹੀ ਜਾਤਿ ਨਾਲ ਧੱਕਾ ਕਰ ਰਹੇ ਹਨ।
ਸਿੱਖ ਧਰਮ ਵਿਚ ਆਪਣੀ ਸ਼ਮੂਲੀਅਤ ਹੋਣ ਨਾਲ ਚਮਾਰ ਜਾਤਿ ਦੇ ਧੱਬੇ ਤੋਂ ਉੱਪਰ ਉੱਠ ਚੁੱਕੇ ਹਨ। ਰਾਜਸੀ ਨੇਤਾ ਹਰ ਸਮੇਂ ਆਪਣੇ ਹਿਤਾਂ ਦੀ ਪੂਰਤੀ ਲਈ ਤੇ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਲੋਕਾਂ ਨੂੰ ਵੰਡਦੇ ਆ ਰਹੇ ਹਨ।
ਹੁਣ ਦੇ ਹਾਲਾਤ ਵੀ ਇਹੋ ਦੱਸਦੇ ਹਨ ਕਿ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਵਿਅਕਤੀਆਂ ਨੂੰ ਸਿੱਖ ਧਰਮ ਨਾਲੋਂ ਆਪਣਾ ਨਾਤਾ ਤੋੜਨ ਲਈ ਜੋ ਉਕਸਾਇਆ ਜਾ ਰਿਹਾ ਹੈ ਉਹ ਕਿਸੇ ਸਿਆਸਤ ਦਾ ਹਿੱਸਾ ਹੈ।
ਆਪ ਦੀ ਪਵਿੱਤਰ ਯਾਦ ਵਿਚ ਆਪ ਦੇ ਜਨਮ ਅਸਥਾਨ ਸੀਅਰ ਗੋਵਰਧਨਪੁਰ ਬਨਾਰਸ, ਉੱਤਰ ਪ੍ਰਦੇਸ਼ ਵਿਖੇ ਜਿਸ ਦੀ ਫੋਟੋ ਇੱਥੇ ਦਿੱਤੀ ਜਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਉਸਾਰਿਆ ਗਿਆ ਹੈ। ਸਾਰਾ ਸਾਲ ਆਪ ਦੇ ਅਨੇਕਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਜਾਂਦੇ ਹਨ ਤੇ ਵਿਸ਼ੇਸ਼ ਤੌਰ ’ਤੇ ਆਪ ਦੇ ਜਨਮ ਦਿਵਸ *ਤੇ ਆਪ ਦੇ ਲੱਖਾਂ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨ ਕਰਨ ਜਾਂਦੇ ਹਨ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਧੰਨ ਧੰਨ ਭਗਤ ਰਵਿਦਾਸ ਜੀ!
ਡਾ. ਅੰਮ੍ਰਿਤ ਕੌਰ
(ਰਿਟਾ. ਪ੍ਰੋਫੈਸਰ)
ਪੰਜਾਬੀ ਯੂਨੀਵਰਸਿਟੀ,
ਪਟਿਆਲਾ, ਪੰਜਾਬ।