ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਨੇ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਇੰਪੋਰਟ ’ਤੇ 25 ਫੀਸਦੀ ਟੈਰਿਫ ਲਗਾਉਣ ਦੇ ਦੋ ਹੁਕਮਾਂ ’ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨਾਲ ਫੋਨ ’ਤੇ ਗੱਲਬਾਤ ਤੋਂ ਬਾਅਦ ਟਰੰਪ ਆਸਟ੍ਰੇਲੀਆ ਨੂੰ ਛੋਟ ਦੇਣ ’ਤੇ ਵਿਚਾਰ ਕਰ ਰਹੇ ਹਨ।
ਟਰੰਪ ਦਾ ਦਾਅਵਾ ਹੈ ਕਿ ਟੈਰਿਫ ਅਮਰੀਕੀ ਨਿਰਮਾਣ ਉਦਯੋਗਾਂ ਨੂੰ ਮੁੜ ਸੁਰਜੀਤ ਕਰਨਗੇ, ਪਰ Albanese ਨੇ ਅਮਰੀਕੀ ਆਰਥਿਕਤਾ ਅਤੇ ਸੁਰੱਖਿਆ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਛੋਟ ਲਈ ਆਸਟ੍ਰੇਲੀਆ ਦਾ ਕੇਸ ਪੇਸ਼ ਕੀਤਾ ਹੈ। ਆਸਟ੍ਰੇਲੀਆ ਦਾ ਅਮਰੀਕਾ ਨਾਲ ਵਪਾਰ ਸਰਪਲੱਸ ਹੈ ਅਤੇ ਉਹ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਕਰਦਾ ਹੈ, ਜਿਸ ਵਿਚ ਸਥਾਨਕ ਤੌਰ ’ਤੇ ਬਣੇ ਸਟੀਲ ਅਮਰੀਕਾ ਦੇ ਸਟੀਲ ਖਪਤ ਦਾ ਲਗਭਗ 1٪ ਬਣਦੇ ਹਨ।
ਵਿਰੋਧੀ ਧਿਰ ਦੇ ਨੇਤਾ Peter Dutton ਨੇ Albanese ਦੇ ਛੋਟ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਟੈਰਿਫ ਅਮਰੀਕਾ ਅਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਦੌਰਾਨ ਇਕ ਸੀਨੀਅਰ ਅਮਰੀਕੀ ਸਿਆਸਤਦਾਨ ਡੈਮੋਕ੍ਰੇਟਿਕ ਸੰਸਦ ਮੈਂਬਰ Joe Courtney ਨੇ ਟਰੰਪ ਦੇ ਟੈਰਿਫ ਪ੍ਰਸਤਾਵ ਨੂੰ ਆਸਟ੍ਰੇਲੀਆ ਦਾ ਅਪਮਾਨ ਕਰਾਰ ਦਿੱਤਾ ਹੈ।
ਆਸਟ੍ਰੇਲੀਆਈ ਐਕਸਪੋਰਟ ’ਤੇ ਟੈਰਿਫ ਦਾ ਤੁਰੰਤ ਅਸਰ ਅਜੇ ਵੀ ਅਸਪਸ਼ਟ ਹੈ, ਪਰ ਛੋਟ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਅਤੇ ਅਮਰੀਕਾ ਅਤੇ ਆਸਟ੍ਰੇਲੀਆ ਇਸ ਮਾਮਲੇ ’ਤੇ ਵਿਚਾਰ ਵਟਾਂਦਰੇ ਜਾਰੀ ਰੱਖਣਗੇ।